ਕਰੋਨਾ ਵਾਇਰਸ ਦੇ ਵਧ ਰਹੇ ਖ਼ਤਰੇ ਦਾ ਪਤਾ ਲਗਾਉਣ ਲਈ ਰਾਜਾ ਸਾਂਸੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਥਰਮਲ ਸੈਂਸਰ ਲਗਾਏ : ਬਲਬੀਰ ਸਿੰਘ ਸਿੱਧੂ

0
44

ਚੰਡੀਗੜ੍ਹ, (ਸਾਰਾ ਯਹਾ,ਬਲਜੀਤ ਸ਼ਰਮਾ)  27 ਜਨਵਰੀ : ਕਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦਾ ਪਤਾ ਲਗਾਉਣ ਲਈ ਰਾਜਾ ਸਾਂਸੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਥਰਮਲ ਸੈਂਸਰ ਲਗਾਏ ਗਏ ਹਨ ਜਿੱਥੇ ਅੱਜ ਯਾਤਰੀਆਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸੂਬੇ ਵਿੱਚ ਹੁਣ ਤੱਕ ਇਸ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਵਿਖੇ ਵੀ ਕੱਲ੍ਹ ਤੋਂ ਯਾਤਰੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ। ਉਕਤ  ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ ਵਿੱਚ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱÎਸਿਆ ਕਿ ਕੋਰੋਨਾ ਵਾਇਰਸ ਲਈ ਜਾਰੀ ਅਲਰਟ ਦੇ ਮੱਦੇਨਜ਼ਰ ਰਾਜਾ ਸਾਂਸੀ ਹਵਾਈ ਅੱਡੇ ਵਿਖੇ ਥਰਮਲ ਸੈਂਸਰ ਦੀ ਮੱਦਦ ਨਾਲ ਅੱਜ ਯਾਤਰੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਥਰਮਲ ਸਕੈਨਿੰਗ ਨਾਲ ਬੁਖਾਰ ਤੋਂ ਪ੍ਰਭਾਵਿਤ ਕਿਸੇ ਵੀ ਵਿਅਕਤੀ ਦਾ ਪਤਾ ਲਗਾਇਆ ਜਾਵੇਗਾ ਅਤੇ ਡਾਕਟਰਾਂ ਦੀ ਟੀਮ ਦੁਆਰਾ ਅਗਲੇਰੀ ਜਾਂਚ ਲਈ ਹੈਲਥ ਕਾਉਂਟਰ ‘ਤੇ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੋਹਾਲੀ ਹਵਾਈ ਅੱਡੇ ਵਿਖੇ ਵੀ ਥਰਮਲ ਸਕੈਨਿੰਗ ਜ਼ਰੀਏ ਯਾਤਰੀਆਂ ਦੀ ਜਾਂਚ ਕੱਲ੍ਹ ਤੋਂ ਸ਼ੁਰੂ ਹੋ ਜਾਵੇਗੀ। ਸਿਹਤ ਵਿਭਾਗ, ਪੰਜਾਬ ਨੇ ਸੂਬੇ ਦੇ ਅੰਮ੍ਰਿਤਸਰ ਅਤੇ ਮੁਹਾਲੀ ਦੋਵੇਂ ਹਵਾਈ ਅੱਡਿਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਚੀਨ ਅਤੇ ਹੋਰ ਦੇਸ਼ਾਂ ਜਿੱਥੋਂ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਦੀ ਯਾਤਰਾ ਬਾਰੇ ਸਵੈ-ਘੋਸ਼ਣਾ ਸਬੰਧੀ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਦੇ ਯਾਤਰੀਆਂ ਲਈ ਐਡਵਾਇਜ਼ਰੀ ਲਗਾਉਣ।

ਸਿਹਤ ਮੰਤਰੀ ਨੇ ਅੱਜ ਲੌਜਿਸਟਿਕਸ, ਆਈਸੋਲੇਸ਼ਨ ਵਾਰਡਾਂ ਅਤੇ ਵੈਂਟੀਲੇਟਰਾਂ ਸਬੰਧੀ ਸਾਰੇ ਜ਼ਿਲ੍ਹਿਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਸੂਬੇ ਵਿਚ ਕੋਰੋਨਾ ਵਾਇਰਸ ਦਾ ਕੋਈ ਪੁਖਤਾ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕੇਵਲ 4 ਵਿਅਕਤੀਆਂ (3 ਅੰਮ੍ਰਿਤਸਰ, 1 ਮੁਹਾਲੀ) ਵੱਲੋਂ ਚੀਨ ਦੀ ਯਾਤਰਾ ਕੀਤੀ ਗਈ ਅਤੇ ਸਿਹਤ ਵਿਭਾਗ ਨੇ ਇਨ੍ਹਾਂ ਯਾਤਰੀਆਂ ਦੀ ਜਾਂਚ ਉੋਪਰੰਤ ਪਾਇਆ ਹੈ ਕਿ ਕਿਸੇ ਵਿੱਚ ਵੀ ਬਿਮਾਰੀ ਦੇ ਲੱਛਣ ਨਹੀਂ ਹਨ ਅਤੇ ਇਨ੍ਹਾਂ ‘ਤੇ ਬਾਰੀਕੀ ਨਾਲ ਨਿਗਰਾਨੀ ਵੀ ਰੱਖੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੇ ਪਿਛਲੇ 28 ਦਿਨਾਂ ਦੌਰਾਨ ਚੀਨ ਦੀ ਯਾਤਰਾ ਕੀਤੀ ਹੈ ਤਾਂ ਉਹ ਸਬੰਧਤ ਜ਼ਿਲ੍ਹਾ ਹਸਪਤਾਲ ਵਿੱਚ ਰਿਪੋਰਟ ਕਰੇ ਜਾਂ ਹੋਰ ਸਹਾਇਤਾ ਲੈਣ ਲਈ 104 ਹੈਲਪਲਾਈਨ ਨੰਬਰ ਨੂੰ ਸੂਚਿਤ ਕਰ ਸਕਦਾ ਹੈ।

ਸ. ਸਿੱਧੂ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਇਸ ਬਿਮਾਰੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਢੁੱਕਵੇਂ ਪ੍ਰਬੰਧ ਕਰ ਲਏ ਗਏ ਹਨ। ਸੂਬੇ ਅਤੇ ਜ਼ਿਲ੍ਹਾ ਸੈੱਲਾਂ ਨੂੰ ਸ਼ੁਰੂਆਤੀ ਪ੍ਰਤੀਕ੍ਰਿਆ ਲਈ ਕਿਰਿਆਸ਼ੀਲ ਕੀਤਾ ਗਿਆ ਹੈ। ਅਧਿਕਾਰੀਆਂ ਵੱਲੋਂ ਰੋਜ਼ਾਨਾ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਢੁੱਕਵੀਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੈਲਪਲਾਈਨ ਨੰਬਰ “104” ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਨਾਗਰਿਕ ਕੋਰੋਨਾ ਵਾਇਰਸ ਬਿਮਾਰੀ ਨਾਲ ਸਬੰਧਤ ਕੋਈ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਨੰਬਰ ‘ਤੇ 24 ਘੰਟੇ ਸੰਪਰਕ ਕਰ ਸਕਦਾ ਹੈ।

———-

LEAVE A REPLY

Please enter your comment!
Please enter your name here