ਮਿਹਨਤ ਅਤੇ ਲਗਨ ਸਫ਼ਲਤਾ ਦੀਆਂ ਅਹਿਮ ਪੌੜੀਆਂ: ਘਨਸ਼ਿਆਮ ਥੋਰੀ

0
3

ਸੰਗਰੂਰ, 22 ਜੂਨ (ਸਾਰਾ ਯਹਾ)  :ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇਸਿੰਜ਼ ਏਮਜ਼ ਦੀ ਦਾਖਲਾ ਪ੍ਰੀਖਿਆ ਵਿੱਚੋਂ 100 ਫੀਸਦੀ ਅੰਕ ਹਾਸਲ ਕਰਕੇ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਲਹਿਰਾਗਾਗਾ ਦੀ ਵਿਦਿਆਰਥਣ ਐਲੀਜ਼ਾ ਬਾਂਸਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਐਲੀਜ਼ਾ ਨੂੰ ਪੁਸਤਕਾਂ ਦਾ ਸੈਟ ਭੇਟ ਕੀਤਾ ਅਤੇ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਸ਼੍ਰੀ ਥੋਰੀ ਨੇ ਕਿਹਾ ਕਿ ਮਿਹਨਤ ਅਤੇ ਲਗਨ ਸਫ਼ਲਤਾ ਲਈ ਅਹਿਮ ਪੌੜੀਆਂ ਹਨ ਅਤੇ ਦ੍ਰਿੜ ਇਰਾਦੇ ਨਾਲ ਕੀਤੀ ਜਾਣ ਵਾਲੀ ਮਿਹਨਤ ਕਦੇ ਅਸਫ਼ਲ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਆਪਣਾ ਟੀਚਾ ਮਿੱਥ ਕੇ ਪੂਰੀ ਲਗਨ, ਇਮਾਨਦਾਰੀ ਅਤੇ ਮਿਹਨਤ ਨਾਲ ਪੜ੍ਹਾਈ ਕਰਦੇ ਹਨ ਉਹ ਦੁਨੀਆਂ ਵਿੱਚ ਉੱਚੇ ਮੁਕਾਮ ਨੂੰ ਜ਼ਰੂਰ ਹਾਸਲ ਕਰਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇੱਕ ਅਜਿਹੀ ਉਮਰ ਹੁੰਦੀ ਹੈ ਜਦੋਂ ਆਪਣੇ ਮਨ ਨੂੰ ਟਿਕਾਅ ਕੇ ਕੋਈ ਵੀ ਵਿਦਿਆਰਥੀ ਆਪਣਾ ਭਵਿੱਖ ਰੌਸ਼ਨ ਕਰਨ ਲਈ ਸਾਰਥਕ ਪੁਲਾਂਘਾਂ ਪੁੱਟ ਸਕਦਾ ਹੈ। ਉਨ੍ਹਾਂ ਨੇ ਐਲੀਜ਼ਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਅਤੇ ਕਿਹਾ ਕਿ ਐਲੀਜ਼ਾ ਦੀ ਮਿਹਨਤ ਨੇ ਪੂਰੀ ਦੁਨੀਆਂ ਵਿੱਚ ਇਹ ਸਾਬਤ ਕਰ ਦਿਖਾਇਆ ਹੈ ਕਿ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹੈ ਬਸ ਲੋੜ ਹੈ ਕਿ ਘਰਾਂ ਤੇ ਸਮਾਜ ਵਿੱਚ ਇਨ੍ਹਾਂ ਨੂੰ ਪਿਆਰ ਤੇ ਸਤਿਕਾਰ ਦਿੰਦੇ ਹੋਏ ਲਗਾਤਾਰ ਹੌਂਸਲਾ ਅਫਜਾਈ ਕੀਤੀ ਜਾਵੇ। ਇਸ ਮੌਕੇ ਐਲੀਜ਼ਾ ਨੇ ਕਿਹਾ ਕਿ ਉਸ ਵੱਲੋਂ ਦਾਖਲਾ ਪ੍ਰੀਖਿਆ ਲਈ ਪਿਛਲੇ ਲੰਬੇ ਸਮੇਂ ਤੋਂ ਤਿਆਰੀ ਕੀਤੀ ਜਾ ਰਹੀ ਸੀ ਅਤੇ ਪਰਮਾਤਮਾ  ਦੀ ਮਿਹਰ ਤੇ ਮਾਤਾ-ਪਿਤਾ ਦੇ ਆਸ਼ੀਰਵਾਦ ਸਦਕਾ ਉਹ ਇਸ ਪ੍ਰਾਪਤੀ ਨੂੰ ਹਾਸਲ ਕਰ ਸਕੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਐਲੀਜ਼ਾ ਦੇ ਪਿਤਾ ਸ਼੍ਰੀ ਵਿਜੇ ਕੁਮਾਰ ਅਤੇ ਮਾਤਾ ਸ਼੍ਰੀਮਤੀ ਰੇਨੂੰ ਬਾਲਾ ਨੂੰ ਵੀ ਮੁਬਾਰਕਬਾਦ ਦਿੱਤੀ।
ਐਲੀਜ਼ਾ ਨੂੰ ਪੁਸਤਕਾਂ ਭੇਟ ਕਰਨ ਮੌਕੇ ਸਹਾਇਕ ਕਮਿਸ਼ਨਰ ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਐਗਜੈਕਟਿਵ ਮੈਜਿਸਟਰੇਟ ਹਰਕੀਰਤ ਕੌਰ ਵੀ ਹਾਜ਼ਰ ਸਨ


EDITED BY : SARA YAHA | | Last Updated :22 June 2018

LEAVE A REPLY

Please enter your comment!
Please enter your name here