

ਮਾਨਸਾ, 14 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਪਾਕਿਸਤਾਨ ਦੇ ਪੰਜਾਬ ਦੇ ਲਾਹੌਰ ਵਿਚ ਪਾਏ ਗਏ ਪੋਲੀਓ ਦੇ ਕੇਸਾਂ ਵਿਚ ਵਾਧੇ ਕਾਰਨ ਇਹ ਯਕੀਨੀ ਬਣਾਉਣਾ ਹੈ ਕਿ 0 ਤੋਂ 5 ਸਾਲ ਦੇ ਹਰ ਇਕ ਬੱਚੇ ਨੂੰ 19 ਜਨਵਰੀ ਤੋਂ 21 ਜਨਵਰੀ ਤੱਕ ਹੋਣ ਵਾਲੇ ਕੌਮੀ ਪੋਲੀਓ ਰਾਊਂਡ ਵਿਚ ਪੋਲੀਓ ਰੋਕੂ ਦਵਾਈ ਪਿਲਾਈ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਤਿੰਨ ਰੋਜ਼ਾ ਪੋਲੀਓ ਮੁਹਿੰਮ ਨੂੰ ਸਫ਼ਲ ਬਣਾਉਣ ਦੇ ਮੰਤਵ ਨਾਲ ਅੱਜ ਜ਼ਿਲ੍ਹਾ ਟਾਸਕ ਫੋਰਸ ਨਾਲ ਕੀਤੀ ਇਕ ਮੀਟਿੰਗ ਦੌਰਾਨ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਉਂਦਿਆਂ ਕਿਹਾ ਕਿ ਨਾ ਸਿਰਫ਼ ਸਿਹਤ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ 0 ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਵਾਂਝਾ ਨਾ ਰਹੇ ਬਲਕਿ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਬੱਚੇ ਨੂੰ ਇਹ ਪਿਲਾਉਣੀ ਯਕੀਨੀ ਬਣਾਇਆ ਜਾਵੇ।
ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ 0 ਤੋਂ 5 ਸਾਲ ਉਮਰ ਵਰਗ ਦੇ 73996 ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲਾਂਕਿ ਸਾਲ 2014 ਵਿਚ ਦੇਸ਼ ਵਿਚੋਂ ਪੋਲੀਓ ਦੇ ਕੇਸਾਂ ਦਾ ਖਾਤਮਾ ਹੋ ਗਿਆ ਸੀ, ਪਰ ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਵਿਚੋਂ ਪੋਲੀਓ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ। ਪੰਜਾਬ ਇਕ ਸਰਹੱਦੀ ਸੂਬਾ ਹੈ, ਇਸਲਈ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਬੱਚਾ ਪੋਲੀਓ ਦੀ ਦਵਾਈ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਮਾਨਸਾ ਜ਼ਿਲ੍ਹੇ ਵਿਚ 381 ਰੈਗੂਲਰ ਟੀਮਾਂ ਅਤੇ 13 ਟਰਾਂਸਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ। 19 ਜਨਵਰੀ ਨੂੰ ਵੱਖ-ਵੱਖ ਜਨਤਕ ਥਾਵਾਂ ਤੇ ਲਗਾਏ ਗਏ ਬੂਥਾਂ ਤੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। 20 ਅਤੇ 21 ਜਨਵਰੀ ਨੂੰ ਟੀਮਾਂ ਦੁਆਰਾ ਹਰ ਘਰ ਦਾ ਦੌਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹ 167 ਇੱਟ ਭੱਠੇ ਅਤੇ 149 ਸ਼ੈੱਲਰ ਵੀ ਕਵਰ ਕੀੇਤੇ ਜਾਣਗੇ ਜਿੱਥੇ ਪਰਿਵਾਰ ਰਹਿ ਰਹੇ ਹਨ ਤਾਂ ਜੋ ਕੋਈ ਵੀ ਬੱਚਾ ਵਾਂਝਾ ਨਾ ਰਹੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।























