ਨਕਲੀ (ਸਿੰਥੈਟਿਕ) ਦੁੱਧ-ਘਿਓ ਤਿਆਰ ਕਰਕੇ ਵੇਚਣ ਵਾਲੀ ਡੇਅਰੀ ਦਾ ਮਾਨਸਾ ਪੁਲੀਸ ਵੱਲੋਂ ਪਰਦਾਫਾਸ

0
1433

ਮਾਨਸਾ/ਬਰੇਟਾ 10 ਜਨਵਰੀ (ਸਾਰਾ ਯਹਾ)- ਮਾਨਸਾ ਪੁਲੀਸ ਵੱਲੋਂ ਦੁੱਧ, ਖਾਣ ਵਾਲਾ ਘਿਓ ਅਤੇ ਨਕਲੀ ਪਨੀਰ(ਸਿੰਥੈਟਿਕ) ਤਿਆਰ ਕਰਕੇ ਬਾਜ਼ਾਰ ਵਿੱਚ ਮਹਿੰਗੇ ਭਾਅ ਵੇਚਕੇ ਲੋਕਾਂ ਦੀ ਸਿਹਤ ਦਾ ਖਿਲਵਾਡ਼ ਕਰਨ ਵਾਲੀ ਡੇਅਰੀ ਦਾ ਪਰਦਾਫਾਸ ਕੀਤਾ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਗੁਪਤ ਸੂਚਨਾਂ ਦੇ ਆਧਾਰ ’ਤੇ ਪੁਲੀਸ ਚੌਕੀ ਕੁਲਰੀਆਂ ਦੀ ਪੁਲੀਸ ਪਾਰਟੀ ਵੱਲੋਂ ਪਿੰਡ ਕੁਲਰੀਆ ਵਿਖੇ ਸੈਣੀ ਮਿਲਕ ਸੈਂਟਰ (ਪਾਲ ਡੇਅਰੀ) ਵਿੱਚ ਹੁੰਦੇ ਅਜਿਹੇ ਗੋਰਖ ਧੰਦੇ ਨੂੰ ਫਡ਼ਿਆ ਗਿਆ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਕਸੂਰਵਾਰ ਰਾਮਪਾਲ ਪੁੱਤਰ ਸ਼ੇਰੀ ਸਿੰਘ ਵਾਸੀ ਕੁਲਰੀਆਂ ਨੂੰ ਕਾਬੂ ਕਰਕੇ ਸਿੰਥੈਟਿਕ ਦੁੱਧ, ਘਿਓ ਅਤੇ ਉਸ ਨੂੰ ਤਿਆਰ ਕਰਨ ਲਈ ਵਰਤੇ ਜਾਂਦੇ ਮਟੀਰੀਅਲ ਨੂੰ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਕਸੂਰਵਾਰ ਨੂੰ ਕਾਬੂ ਕਰਕੇ ਡੇਅਰੀ ਵਿੱਚੋਂ 650 ਲੀਟਰ ਦੁੱਧ, 3 ਟੀਨ ਰਿਫਾਈਡ, 7 ਗੱਟੇ ਸ਼ੱਕੀ ਪਾਊਡਰ, 68 ਕਿਲੋਗ੍ਰਾਮ ਦੇਸੀ ਖਾਣ ਵਾਲਾ ਘਿਓ, ਤਿਆਰ ਕਰਨ ਵਾਲੀ ਮਸ਼ੀਨ, ਇੱਕ ਡਰੰਮੀ ਅਤੇ ਹੋਰ ਸਮਾਨ ਆਦਿ ਬਰਾਮਦ ਕੀਤਾ ਗਿਆ ਹੈ।

ਡਾ. ਭਾਰਗਵ ਨੇ ਦੱਸਿਆ ਕਿ ਇਹ ਵਿਅਕਤੀ ਪਿੰਡਾਂ ਵਿਚੋ ਸਸਤੇ ਭਾਅ ਖਰੀਦ ਕਰਕੇ ਲਿਆਂਦੇ ਦੁੱਧ ਨੂੰ ਆਪਣੀ ਡੇਅਰੀ ਵਿੱਚ ਤਿਆਰ ਕੀਤੇ ਸਿੰਥੈਟਿਕ ਦੁੱਧ ਵਿੱਚ ਮਿਲਾਕੇ ਲੋਕਾਂ ਨੂੰ ਮਹਿੰਗੇ ਭਾਅ ਸਪਲਾਈ ਕਰਕੇ ਮੋਟੀ ਕਮਾਈ ਕਰਦਾ ਸੀ ਅਤੇ ਲੋਕਾਂ ਦੀ ਸਿਹਤ ਦਾ ਖਿਲਵਾਡ਼ ਕਰਦਾ ਸੀ। ਉਨ੍ਹਾਂ ਕਿਹਾ ਕਿ ਪੁਲੀਸ ਪਾਰਟੀ ਵੱਲੋ ਮੌਕੇ ਤੇ ਛਾਪੇਮਾਰੀ ਕਰਕੇ ਰਾਮਪਾਲ ਨੂੰ ਕਾਬੂ ਕਰ ਲਿਆ ਗਿਆ, ਜਿਸ ਨੇ ਪੁਲੀਸ ਨੂੰ ਵੇਖਕੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ।

ਸੀਨੀਅਰ ਕਪਤਾਨ ਪੁਲੀਸ ਨੇ ਦੱਸਿਆ ਕਿ ਫਡ਼ੇ ਗਏ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਹੋਣ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਹੋਰਨਾ ਵਿਅਕਤੀਆਂ ਦੀ ਮਿਲੀ ਭੁਗਤ ਅਤੇ ਕਿੰਨੇ ਸਮੇਂ ਤੋਂ ਉਹ ਇਸ ਧੰਦੇ ਨੂੰ ਚਲਾ ਰਿਹਾ ਸੀ ਅਤੇ ਕਿੱਥੇ ਕਿੱਥੇ ਮਾਲ ਸਪਲਾਈ ਕਰਦਾ ਸੀ ਬਾਰੇ ਵੇਰਵੇ ਹਾਸਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਮਾਲ ਦੇ ਸਿਹਤ ਵਿਭਾਗ ਵੱਲੋਂ ਵੱਖ-ਵੱਖ ਨਮੂਨੇ ਲੈਕੇ ਜਾਂਚ ਲਈ ਲੈਬਾਰਟਰੀ ਵਿੱਚ ਭੇਜੇ ਗਏ ਹਨ ਅਤੇ ਨਤੀਜੇ ਹਾਸਲ ਹੋਣ ਤੇ ਮੁਕੱਦਮਾ ਵਿੱਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਕਸੂਰਵਾਰ ਵਿਰੁੱਧ ਮੁਕੱਦਮਾ ਨੰਬਰ 10 ਮਿਤੀ 10-01-2020 ਅ/ਧ 420,272,273 ਹਿੰ:ਦੰ: ਅਤੇ 59 ਫੂਡ ਸੇਫਟੀ ਅਤੇ ਸਟੈਡਰਡ ਐਕਟ-2006 ਥਾਣਾ ਬਰੇਟਾ ਦਰਜ਼ ਰਜਿਸਟਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here