ਵਾਰ-ਵਾਰ ਰੱਦ ਹੋ ਰਹੀਆਂ ਟੈਟ ਪ੍ਰੀਖਿਆਵਾਂ ਨੇ ਅਧਿਆਪਕਾਂ ਨੂੰ ਪਾਇਆ ਪੜ੍ਹਨੇ,

0
89

ਮਾਨਸਾ  9 ਜਨਵਰੀ (ਬਪਸ):ਸਿਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨਿਗਰਾਨੀ ਹੇਠ ਕਰਵਾਈ ਜਾਣ ਵਾਲੀ ਅਧਿਆਪਕ ਯੋਗਤਾ ਪ੍ਰੀਖਿਆ (ਪੀਟੈਟ) ਨੂੰ ਦੂਸਰੀ ਵਾਰ ਰੱਦ ਕਰਕੇ ਟੈਸਟ ਲਈ ਅਰਜ਼ੀਆਂ ਦਾਖਲ ਕਰਵਾਉਣ ਵਾਲੇ ਪੰਜਾਬ ਦੇ ਲੱਖਾਂ ਬੇਰੁਜਗਾਰ ਬੀ.ਐੱਡ. ਅਧਿਆਪਕਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਵਾਰ-ਵਾਰ ਰੱਦ ਕੀਤੇ ਜਾ ਰਹੇ ਟੈਸਟ ਤੋਂ ਨਿਰਾਸ਼ ਅਧਿਆਪਕਾਂ ਦਾ ਕਹਿਣਾ ਹੈ ਕਿ ਪੂਰੇ ਦੋ ਸਾਲ ਬਾਅਦ ਲਏ ਜਾ ਰਹੇ ਇਸ ਟੈਸਟ ਦੀ ਤਿਆਰੀ ਤੇ ਉਹ ਕਾਫੀ ਪੈਸੇ ਖਰਚ ਕਰ ਚੁੱਕੇ ਹਨ ਪਰ ਮਿਥੇ ਸਮੇਂ ਤੇ ਪ੍ਰੀਖਿਆ ਲਈ ਹੀ ਨਹੀਂ ਜਾ ਰਹੀ। ਟੈਟ ਲਈ ਅਪਲਾਈ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਵਿਭਾਗ ਨੇ ਪਹਿਲਾ 2017 ਵਾਲੀ ਪ੍ਰੀਖਿਆ ਵੀ 2018 ਚ ਲਈ ਸੀ ਅਤੇ ਹੁਣ 2018 ਵਾਲੀ ਟੈਟ ਦੀ ਪ੍ਰੀਖਿਆ 2020 ਵਿੱਚ ਵੀ ਪੂਰੀ ਹੁੰਦੀ ਨਜ਼ਰ ਨਹੀਂ ਪੈ ਰਹੀ। ਉਨ੍ਹਾਂ ਦੱਸਿਆ ਟੈਟ ਦੀ ਪ੍ਰੀਖਿਆ ਦੇਣ ਵਾਲੇ ਹਰ ਬੇਰੁਜਗਾਰ ਨੇ ਤਿਆਰੀ ਲਈ ਦਸ ਤੋਂ ਪੰਦਰਾਂ ਹਜਾਰ ਰੁਪਏ ਖਰਚ ਦਿੱਤੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਧਿਅਾਪਕ ਯੋਗਤਾ ਪ੍ਰੀਖਿਆ ਸਮੇਂ ਸਿਰ ਲਈ ਜਾਵੇ 
ਜਿਕਰਯੋਗ ਹੈ ਕਿ ਪਹਿਲਾ ਇਹ ਟੈਸਟ 22 ਦਸੰਬਰ 2019 ਨੂੰ ਲਿਆ ਜਾਣਾ ਸੀ।ਜਿਹੜਾ ਕਿ ਕੁੱਝ ਦਿਨ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ। ਫਿਰ ਟੈਸਟ ਦੀ ਮਿਤੀ 5 ਜਨਵਰੀ 2020 ਐਲਾਨੀ ਗਈ ਪਰ ਪ੍ਰੀਖਿਆ ਤੋਂ ਦੋ ਦਿਨ ਪਹਿਲਾਂ ਪ੍ਰੀਖਿਆ ਮੁੜ ਰੱਦ ਕਰ ਦਿੱਤੀ ਗਈ ਅਤੇ 19 ਜਨਵਰੀ 2020 ਨੂੰ ਪ੍ਰੀਖਿਆ ਲਏ ਜਾਣ ਦਾ ਐਲਾਨ ਕਰ ਦਿੱਤਾ ਗਿਆ। 19 ਜਨਵਰੀ ਨੂੰ ਵੀ ਪੰਜਾਬ ਚ ਸਕੂਲੀ ਵਿਦਿਆਰਥੀਆਂ ਦੀ ਵਿਗਿਆਨ ਵਿਸ਼ੇ ਦੇ ਵਜੀਫੇ ਵਾਲੀ ਵਿਸ਼ੇਸ਼ ਪ੍ਰੀਖਿਆ ਹੋਣੀ ਹੈ ਇਸ ਲਈ ਟੈਟ ਦੀ ਪ੍ਰੀਖਿਆ ਦੇ ਮੁੜ ਰੱਦ ਕੀਤੇ ਜਾਣ ਦੀ ਸੰਭਾਵਨਾ ਜਾਪਦੀ ਹੈ। 
ਲੈਕਚਰਾਰ ਬਿੱਕਰਜੀਤ ਸਿੰਘ ਸਾਧੂਵਾਲਾ ਅਤੇ ਸਾਬਕਾ ਲੈਕਚਰਾਰ ਬਲਜੀਤ ਪਾਲ ਸਿੰਘ ਨੇ ਕਿਹਾ ਕਿ ਪ੍ਰੀਖਿਆ ਦਾ ਰੱਦ ਹੋਣਾ ਸਿੱਖਿਆ ਵਿਭਾਗ ਦੀ ਵੱਡੀ ਨਲਾਇਕੀ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਘਰ-ਘਰ ਰੁਜਗਾਰ ਦੇ ਵਾਅਦੇ ਕਰਨ ਵਾਲੀ ਸਰਕਾਰ ਸਹੀ ਸਮੇਂ ਪ੍ਰੀਖਿਆ ਲੈਣ ਦੇ ਯੋਗ ਵੀ ਨਹੀਂ ਰਹੀ।

LEAVE A REPLY

Please enter your comment!
Please enter your name here