

ਮਾਨਸਾ, 08 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ : ਸੇਵਾ ਕੇਂਦਰਾਂ ਵਿਚ ਲੋਕਾਂ ਵੱਲੋਂ ਕਰਵਾਏ ਜਾਂਦੇ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਵਿਚ ਜ਼ਿਲ੍ਹਾ ਮਾਨਸਾ ਪੂਰੇ ਪੰਜਾਬ ਵਿਚੋਂ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਪਿਛਲੇ ਮਹੀਨੇ ਦੀ ਰਿਪੋਰਟ ਮੁਤਾਬਿਕ ਮਾਨਸਾ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿਚ ਲੋਕਾਂ ਦੇ ਬਕਾਇਆ ਰਹਿੰਦੇ ਕੰਮ ਲਗਭਗ ਨਿੱਲ ਸਮਾਨ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਆਮ ਲੋਕਾਂ ਦੁਆਰਾ ਕਰਵਾਏ ਜਾਣ ਵਾਲੇ ਸਰਕਾਰੀ ਕੰਮਕਾਜ ਵਿਚ ਸੁਵਿਧਾ ਦੇਣ ਲਈ ਪੰਜਾਬ ਸਰਕਾਰ ਦੁਆਰਾ ਖੋਲ੍ਹੇ ਗਏ ਸੇਵਾ ਕੇਂਦਰਾਂ ਵਿਚ 270 ਤੋਂ ਵਧੇਰੇ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਬਿਜ਼ਨਸ ਟੂ ਸਿਟੀਜ਼ਨ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿਚ ਕੁੱਲ 13 ਸੇਵਾ ਕੇਂਦਰ ਚੱਲ ਰਹੇ ਹਨ ਜਿੰਨ੍ਹਾਂ ਵਿਚ ਟਾਈਪ-1 ਮਾਨਸਾ, ਟਾਈਪ-2 ਬੁਢਲਾਡਾ, ਭੀਖੀ, ਬਰੇਟਾ, ਸਰਦੂਲਗੜ੍ਹ ਅਤੇ ਟਾਈਪ-3 ਰਾਏਪੁਰ, ਫਤਹਿਗੜ੍ਹ ਸਾਹਨੇਵਾਲੀ, ਦੂਲੋਵਾਲ, ਬਰ੍ਹੇ, ਕੁਲਰੀਆਂ, ਦੋਦੜਾ, ਮੱਤੀ ਅਤੇ ਜੋਗਾ ਵਿਖੇ ਚੱਲ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਕਤ ਸੇਵਾ ਕੇਂਦਰਾਂ ਵਿਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿਚ ਵਿਆਹ ਸਬੰਧੀ ਰਜਿਸਟਰੇਸ਼ਨ, ਅਸਲਾ ਲਾਇਸੰਸ, ਜਾਤੀ ਸਰਟੀਫਿਕੇਟ, ਪੈਨ ਕਾਰਡ, ਅੰਗਹੀਣ ਸਰਟੀਫਿਕੇਟ, ਆਧਾਰ ਕਾਰਡ, ਆਈਲਟਸ ਸੰਸਥਾਵਾਂ ਲਈ ਲਾਇਸੰਸ, ਆਮਦਨ ਸਰਟੀਫਿਕੇਟ, ਮੌਤ ਸਰਟੀਫਿਕੇਟ, ਜਨਮ ਸਰਟੀਫਿਕੇਟ ਅਤੇ ਹੋਰ ਅਨੇਕਾਂ ਸੇਵਾਵਾਂ ਸ਼ਾਮਲ ਹਨ। ਇਸ ਦੇ ਨਾਲ ਹੀ ਸ੍ਰੀ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਵੀ ਸੇਵਾ ਕੇਂਦਰਾਂ ਵਿਚ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਸੇਵਾ ਕੇਂਦਰਾਂ ਵਿਚ ਬੱਸ ਅਤੇ ਰੇਲ ਦੀਆਂ ਟਿਕਟਾਂ ਵੀ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ। ਕੋਈ ਵੀ ਨਾਗਰਿਕ ਬੱਸ ਜਾਂ ਰੇਲ ਦੀ ਟਿਕਟ ਆਪਣੇ ਕਿਸੇ ਵੀ ਨਜ਼ਦੀਕੀ ਸੇਵਾ ਕੇਂਦਰ ਵਿਚ ਬੁੱਕ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਟਾਈਪ-1 ਸੇਵਾ ਕੇਂਦਰ ਜੋ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਸਥਿਤ ਹੈ ਵਿਚ ਕੋਰੀਅਰ ਸਰਵਿਸ ਵੀ ਮੁਹੱਈਆ ਕਰਵਾਈ ਜਾ ਰਹੀ ਹੈ, ਕੋਈ ਵੀ ਹੋਰ ਸ਼ਹਿਰ, ਕਸਬੇ ਦਾ ਵਸਨੀਕ ਆਪਣੇ ਕੰਮ ਦੀ ਵਾਪਸੀ ਆਪਣੇ ਘਰ ਬੈਠਾ ਕੋਰੀਅਰ ਸਰਵਿਸ ਰਾਹੀਂ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਰਵਿਸ ਸਿਰਫ ਟਾਈਪ-1 ਸੇਵਾ ਕੇਂਦਰ ਵਿਚ ਹੀ ਉਪਲਬਧ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਕਤ ਤੋਂ ਇਲਾਵਾ ਬੀ-2-ਸੀ (ਬਿਜ਼ਨਸ ਟੂ ਸਿਟੀਜ਼ਨ) ਸੇਵਾਵਾਂ ਵੀ ਸੇਵਾ ਕੇਂਦਰਾਂ ਵਿਚ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜਿੰਨ੍ਹਾਂ ਵਿਚ ਡੀ.ਐਮ.ਟੀ. (ਡੋਮੈਸਟਿਕ ਮਨੀ ਟਰਾਂਸਫਰ), ਪੈਨ ਸਰਵਿਸ, ਬਸ ਟਿਕਟ ਬੁਕਿੰਗ, ਰੇਲ ਟਿਕਟ ਬੁਕਿੰਗ, ਫਾਰਮ ਭਰਨ ਅਤੇ ਫਾਰਮਾਂ ਦੀ ਵਿਕਰੀ, ਕਲਰ ਪ੍ਰਿੰਟਿੰਗ ਜਿਹੀਆਂ ਸੁਵਿਧਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਟਾਈਪ-1 (ਮਾਨਸਾ), ਜੋਗਾ ਅਤੇ ਭੀਖੀ ਵਿਖੇ ਸਥਿਤ ਸੇਵਾ ਕੇਂਦਰਾਂ ਵਿਚ ਲੈਮੀਨੇਸ਼ਨ ਅਤੇ ਕਲਰ ਪ੍ਰਿੰਟਿੰਗ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਰਦੀਆਂ ਦੇ ਮੌਸਮ ਨੂੰ ਵੇਖਦੇ ਹੋਏ ਸੇਵਾ ਕੇਂਦਰਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9:30 ਵਜੇ ਤੋਂ ਸ਼ਾਮ 04:30 ਵਜੇ ਤੱਕ ਕਰ ਦਿੱਤਾ ਗਿਆ ਹੈ। ਲੋਕ ਇਸ ਸਮੇਂ ਦੌਰਾਨ ਸੇਵਾ ਕੇਂਦਰਾਂ ਵਿਖੇ ਆਪਣਾ ਕੰਮ ਕਰਵਾ ਸਕਦੇ ਹਨ।























