ਪਿੰਡ ਰੱਲਾ ਵਿਖੇ ਟੋਭੇ ਦਾ ਗੰਦਾ ਪਾਣੀ ਨਾਲ ਲਗਦੇ ਖਾਲ ਵਿੱਚ ਪਾਉਣ ਸਬੰਧੀ

0
117

ਮਾਨਸਾ 20 ਦਸੰਬਰ (ਸਾਰਾ ਯਹਾ, ਬਲਜੀਤ ਸ਼ਰਮਾ) : ) ਪਿੰਡ ਰੱਲਾ ਵਿਖੇ ਟੋਭੇ ਦਾ ਗੰਦਾ ਪਾਣੀ ਨਾਲ ਲਗਦੇ ਖਾਲ ਵਿੱਚ ਪਾਉਣ ਸਬੰਧੀ ਪਿੰਡ ਵਾਸੀਆਂ ਵਲੋਂ ਸਬੰਧਤ ਅਧਿਕਾਰੀਆਂ ਨੂੰ ਵਾਰ ਵਾਰ ਲਿਖਤੀ ਤੌਰ ਤੇ ਦੱਸਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਅਤੇ ਇਸ ਖਾਲ ਵਿੱਚ ਪਿੰਡ ਦੇ ਟੋਭੇ ਵਿੱਚ ਪਿੰਡ ਦਾ ਇਕੱਠਾ ਹੋਇਆ ਗੰਦਾ/ਖਾਰਾ ਪਾਣੀ ਪਾਇਆ ਜਾ ਰਿਹਾ ਹੈ।

         ਪ੍ਰੈਸ ਨੂੰ ਜਾਣਕਾਰੀ ਦਿੰਦੇ  ਹੋਏ ਰਾਮ ਸਿੰਘ ਰੱਲਾ ਪ੍ਰੈਸ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮਾਨਸਾ ਨੇ ਦੱਸਿਆ ਕਿ ਇਸ ਖਾਲ ਦੇ ਨਾਲ ਲਗਦੀਆਂ ਜ਼ਮੀਨਾਂ ਦੇ ਮਾਲਕਾਂ ਦਾ ਕਈ ਵਾਰ ਇਕੱਠ ਹੋ ਚੁੱਕਾ ਹੈ, ਉਚ ਅਧਿਕਾਰੀਆਂ ਦੇ ਨਾਲ ਨਾਲ ਪੰਚਾਇਤ ਨੂੰ ਵੀ ਬੇਨਤੀਆਂ ਕੀਤੀਆਂ ਗਈਆਂ ਹਨ ਕਿ ਇਸ ਟੋਭੇ ਵਿੱਚ ਪਿੰਡ ਵਿਚੋਂ ਨਾਲੀਆਂ ਰਾਹੀਂ ਆਕੇ ਪੈਣ ਉਪਰੰਤ ਇਕੱਠਾ ਹੋਇਆ ਗੰਦਾ ਪਾਣੀ ਖਾਲ ਵਿੱਚ ਨਾ ਪਾਇਆ ਜਾਵੇ ਕਿਉਂਕਿ ਇਸ ਨਾਲ ਉਨ੍ਹਾਂ ਦੀਆਂ ਫਸਲਾਂ  ਨੂੰ ਬਹੁਤ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਤਾਂ ਇਸ ਪਾਣੀ ਦੀ ਵਜ੍ਹਾ ਨਾਲ ਕਣਕ ਦੀ ਖੜ੍ਹੀ ਫਸਲ ਕਰੰਡ ਹੋ ਗਈ ਜੋ ਦੁਬਾਰਾ ਬੀਜਣੀ ਪਈ ਜਿਸ ਨਾਲ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ । ਇਸ ਸਬੰਧੀ ਵੀ ਪੰਚਾਇਤ ਨੂੰ ਜਾਣੂੰ ਕਰਵਾਇਆ ਗਿਆ ਅਤੇ ਲਿਖਤੀ ਤੌਰ ਤੇ ਦਰਖਾਸਤਾਂ ਸਬੰਧਤ ਅਧਿਕਾਰੀਆਂ ਜਿਵੇਂ ਕਿ ਡਿਪਟੀ ਕਮਿਸ਼ਨਰ, ਮਾਨਸਾ, ਕਾਰਜਕਾਰੀ ਇੰਜਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ, ਬਠਿੰਡਾ, ਡੀਡੀਪੀਓ, ਮਾਨਸਾ, ਬੀਡੀਪੀਓ ਭੀਖੀ ਅਤੇ ਸਰਪੰਚ ਗਰਾਮ ਪੰਚਾਇਤ ਰੱਲਾ ਦੇ ਨਾਲ ਨਾਲ ਕਾਰਜਕਾਰੀ ਇੰਜਨੀਅਰ ਨਹਿਰੀ ਵਿਭਾਗ ਨੂੰ ਵੀ ਭੇਜੀਆਂ ਗਈਆਂ ਪਰ ਇਸ ਸਬੰਧ ਵਿੱਚ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ  ਹੈ । ਉਨ੍ਹਾਂ ਅੱਗੇ ਦੱਸਿਆ ਕਿ ਇਸ ਖਾਲ ਰਾਹੀਂ ਇਹ ਗੰਦਾ ਪਾਣੀ ਸਾਹੋਕੇ ਢੱਡਰੀਆਂ ਰੱਲਾ ਉਭਾ ਡਰੇਨ ਵਿੱਚ ਜਾ ਪੈਂਦਾ  ਹੈ ਜਿਥੇ ਇਸਦਾ ਕੋਈ ਨਿਕਾਸ ਨਾ ਹੋਣ ਕਰਕੇ  ਉਥੇ ਖੜ੍ਹਾ ਰਹਿੰਦਾ ਹੈ ਅਤੇ ਫਸਲਾਂ ਦੇ ਨੁਕਸਾਨ ਦਾ ਕਾਰਣ ਬਣਦਾ ਹੈ ਜਿਵੇਂ ਕਿ ਅੱਜ ਕੱਲ੍ਹ ਇਸ ਡਰੇਨ ਵਿੱਚ ਇਸ ਗੰਦੇ ਪਾਣੀ ਦੀ ਬਹੁਤਾਤ ਨਾਲ ਆਸ ਪਾਸ ਦੀਆਂ ਫਸਲਾਂ ਨੂੰ ਹਰ ਵੇਲੇ ਨੁਕਸਾਨ ਦਾ ਖਤਰਾ ਬਣਿਆ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਕੜਾਕੇ ਦੀ ਠੰਢ ਦੇ ਇਸ ਮੌਸਮ ਵਿੱਚ ਉਨ੍ਹਾਂ ਨੂੰ ਰਾਤ ਦਿਨ ਇਸ ਡਰੇਨ ਦੀ ਪਹਿਰੇਦਾਰੀ ਕਰਕੇ ਆਪਣੀਆਂ ਫਸਲਾਂ ਦਾ ਬਚਾਅ ਕਰਨਾਂ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਾਰਦਰਨ ਇੰਡੀਆ ਕੈਨਾਲ ਐਂਡ ਡਰੇਨੇਜ਼ ਐਕਟ 1873 ਦੀ ਧਾਰਾ 70 ਅਧੀਨ ਕਿਸੇ ਵੀ ਨਹਿਰੀ ਖਾਲ ਵਿੱਚ ਅਜਿਹਾ ਗੰਦਾ ਪਾਣੀ ਨਹੀਂ ਪਾਇਆ ਜਾ ਸਕਦਾ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਨੂੰ ਜਾਣ ਵਾਲਾ ਇਹ ਖਾਲ ਹੁਣੇ ਹੀ ਪੱਕਾ  ਹੋਇਆ  ਹੈ ਪਰ ਇਸ ਸ਼ੋਰੇ ਵਾਲੇ ਗੰਦੇ ਪਾਣੀ ਦੀ ਵਜ੍ਹਾ ਨਾਲ ਇਹ ਖਾਲ ਵੀ ਜਲਦੀ ਹੀ ਟੁੱਟ ਭੱਜ ਸਕਦਾ ਹੈ।

         ਇਸ ਮੌਕੇ ਇਕੱਤਰ ਹੋਏ ਪਾਲ ਸਿੰਘ, ਪੀਤਾ ਦਾਸ, ਜਗਪਾਲ ਦਾਸ, ਗਾਗੂ ਦਾਸ, ਭਿੰਦਾ ਸਿੰਘ, ਬੀਰ੍ਹਾ ਸਿੰਘ, ਕਾਕਾ ਦਾਸ, ਕਾਲਾ ਦਾਸ, ਸੁਰਜੀਤ ਦਾਸ, ਮਥਰਾ ਦਾਸ, ਬੀਰਮ ਦਾਸ, ਭੋਲਾ ਦਾਸ ਅਤੇ ਜੱਗਾ ਸਿੰਘ ਆਦਿ ਕਿਸਾਨਾਂ ਨੇ ਉÎੱਚ ਅਧਿਕਾਰੀਆਂ ਅਤੇ ਪੰਚਾਇਤ ਤੋਂ ਮੰਗ ਕੀਤੀ ਹੈ ਕਿ ਇਸ ਖਾਲ ਵਿੱਚ ਪੈਂਦਾ ਟੋਭੇ ਦਾ ਇਹ ਗੰਦਾ ਪਾਣੀ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਹੋ ਸਕੇ ਵਰਨਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਮਜ਼ਬੂਰ ਹੋਣਾ ਪਵੇਗਾ।

LEAVE A REPLY

Please enter your comment!
Please enter your name here