ਸੰਚਾਰ ਸੇਵਾਵਾਂ ਸਬੰਧੀ ਜਾਣਕਾਰੀ ਦੇਣ ਲਈ ਨੇਕੀ ਫਾਊਂਡੇਸ਼ਨ ਨੇ ਕਰਵਾਇਆ ਟ੍ਰਾਈ ਦਾ ਉਪਭੋਗਤਾ ਪਹੁੰਚ ਪ੍ਰੋਗਰਾਮ

0
16

ਬੁਢਲਾਡਾ 7 ਦਸੰਬਰ(ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਸਮਾਜਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਟੈਲੀਫੋਨ ਦੂਰਸੰਚਾਰ ਸਬੰਧੀ ਜਾਣਕਾਰੀ ਦੇਣ ਲਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਦੇ ਸਹਿਯੋਗ ਨਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰੋਗਰਾਮ ਨੂੰ ਜੈਪੁਰ ਤੋਂ ਆਏ ਦੂਰਸੰਚਾਰ ਸਲਾਹਕਾਰ ਭਾਵਨਾ ਸ਼ਰਮਾ, ਸੀਨੀਅਰ ਖੋਜ ਅਧਿਕਾਰੀ ਅਮਿਤ ਪ੍ਰਕਾਸ਼ ਅਤੇ ਸੰਯੁਕਤ ਸਲਾਹਕਾਰ ਮਨੀਸ਼ ਲੋਢਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਦੇ ਸਮੇਂ ਦੀਆਂ ਟੈਲੀਕਾਮ ਸੇਵਾਵਾਂ ਸਬੰਧੀ ਉਪਭੋਗਤਾਵਾਂ ਨੂੰ ਜਾਣਕਾਰੀ ਦੇਣ ਲਈ, ਉਪਭੋਗਤਾਵਾ ਦੀ ਸੰਤੁਸ਼ਟੀ ਲਈ ਸਰਵੇ ਕਰਵਾਉਣਾ, ਸੇਵਾਵਾਂ ਪ੍ਰਦਾਨ ਕਰਨ ਵਾਲੇ ਦੀ ਕਾਰਜਸ਼ੀਲਤਾ ਨੂੰ ਉਤਸ਼ਾਹਿਤ ਕਰਨਾ, ਸ਼ਿਕਾਇਤ ਪ੍ਰਣਾਲੀ ਨੂੰ ਵਿਕਸਿਤ ਕਰਨਾ ਅਤੇ ਤੁਰੰਤ ਉਸ ਦਾ ਹੱਲ ਕਰਵਾਉਣਾ ਹੈ।ਇਸਦੇ ਨਾਲ ਹੀ ਕੇਬਲ ਟੀਵੀ ਦੇ ਡਿਜੀਟਾਈਜੇਸ਼ਨ ਨਾਲ ਉਪਭੋਗਤਾਵਾਂ ਨੂੰ ਹੋਣ ਵਾਲੇ ਲਾਭ ਲਈ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕੋਈ ਉਪਭੋਗਤਾ ਗਲਤੀ ਨਾਲ ਮੁੱਲ ਵਾਲੀਆਂ ਸੇਵਾਵਾਂ ਐਕਟੀਵੇਟ ਕਰ ਲੈਂਦਾ ਹੈ ਤਾਂ 24 ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਬੰਦ ਕਰਵਾ ਸਕਦਾ ਹੈ। ਇਸਦੇ ਲਈ ਟੋਲ ਫ੍ਰੀ ਨੰਬਰ ਨੰਬਰ ਤੇ ਫੋਨ ਕਰਕੇ ਗਲਤੀ ਨਾਲ ਲੱਗੀ ਸੇਵਾ ਨੂੰ ਬੰਦ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਪਭੋਗਤਾ ਦੇ ਮੋਬਾਇਲ ਵਿਚੋਂ ਹਰ ਮਹੀਨੇ ਨਿਸਚਿਤ ਰਾਸ਼ੀ ਕੱਟੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਉਪਭੋਗਤਾਵਾਂ ਲਈ ਰੋਮਿੰਗ ਦੇ ਨਵੇਂ ਪਲਾਨ ਜਾਰੀ ਕਰਨਗੀਆਂ ਜਿਸ ਨਾਲ ਉਪਭੋਗਤਾ ਇੱਕ ਨਿਸ਼ਚਿਤ ਮੁੱਲ ਦਾ ਭੁਗਤਾਨ ਕਰਕੇ ਮੁਫਤ ਰੋਮਿੰਗ ਦੀ ਸੇਵਾ ਪ੍ਰਾਪਤ ਕਰ ਸਕਣਗੇ।

ਉਨ੍ਹਾਂ ਕਿਹਾ ਕਿ ਪੂਰੀ ਰੋਮਿੰਗ ਬੰਦ ਕਰਨ ਦੀ ਸਥਿਤੀ ਵਿੱਚ ਇਨਕਮਿੰਗ ਕਾਲ ਮੁਫ਼ਤ ਹੁੰਦੀ ਹੈ ਅਤੇ ਆਊਟਗੋਇੰਗ ਕਾਲ ਦੀ ਦਰ ਘਰੇਲੂ ਦਰ ਦੇ ਬਰਾਬਰ ਹੁੰਦੀ ਹੈ। ਇਸ ਮੌਕੇ ਉਪਭੋਗਤਾਵਾਂ ਨੂੰ ਡਿਜੀਟਲ ਸਕਰੀਨ ਦੇ ਜ਼ਰੀਏ ਵੱਖ ਵੱਖ ਤਰ੍ਹਾਂ ਦੇ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਟੈਲੀਮਾਰਕੀਟਿੰਗ ਲਈ ਪੰਜੀਕਰਣ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਨਰਲ ਟੈਲੀਕਾਮ ਨੰਬਰ ਦੇ ਜ਼ਰੀਏ ਕਿਸੇ ਵੀ ਵਪਾਰਕ ਫੋਨ ਕਾਲ ਜਾਂ ਐਸਐਮਐਸ ਦੀ ਅਨੁਮਤੀ ਨਹੀਂ ਹੈ। ਇਸ ਮੌਕੇ ਹਾਜ਼ਰ ਲੋਕਾਂ ਵੱਲੋਂ ਆਪਣੇ ਆਪਣੇ ਸੁਝਾਅ ਵੀ ਦਿੱਤੇ ਗਏ ਜਿਨ੍ਹਾਂ ਨੂੰ ਦਿੱਲੀ ਦੇ ਮੁੱਖ ਦਫ਼ਤਰ ਵਿੱਚ ਰੱਖਿਆ ਜਾਵੇਗਾ। ਜਿਸ ਨਾਲ ਉਨ੍ਹਾਂ ਤੇ ਵਿਚਾਰ ਵਟਾਂਦਰਾ ਕਰਕੇ ਨਵੇਂ ਦਿਸ਼ਾਂ ਨਿਰਦੇਸ਼ ਜਾਰੀ ਕੀਤੇ ਜਾ ਸਕਣ। ਇਸ ਮੌਕੇ ਬੀਐਸਐਨਐਲ, ਏਅਰਟੈਲ, ਰਿਲਾਇੰਸ ਜਿਓ, ਆਈਡੀਆ, ਵੋਡਾਫੋਨ ਸਮੇਤ ਵੱਖ ਵੱਖ ਟੈਲੀਕਾਮ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀਆਂ ਦੇ ਨੁਮਾਇੰਦੇ ਸਮੇਤ ਕਈ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ 200 ਦੇ ਕਰੀਬ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਾਸੀ ਹਾਜ਼ਰ ਸਨ। ਇਸ ਮੌਕੇ ਨੇਕੀ ਫਾਊਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਨੂੰ ਅਜਿਹੀਆਂ ਸੇਵਾਵਾਂ ਸਬੰਧੀ ਜਾਣਕਾਰੀ ਦੇਣ ਲਈ ਸੰਸਥਾ ਵੱਲੋਂ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਇਆ ਕਰਨਗੇ ਤਾਂ ਜੋ ਲੋਕਾਂ ਨੂੰ ਨਵੀਆਂ ਨੀਤੀਆਂ ਅਤੇ ਨਵੇਂ ਦਿਸ਼ਾ ਨਿਰਦੇਸ਼ਾਂ ਸਬੰਧੀ ਜਾਣਕਾਰੀ ਪ੍ਰਾਪਤ ਹੋ ਸਕੇ। ਆਖਿਰ ਉੱਤੇ ਭਾਰਤੀ ਟੈਲੀਕੋਮ ਰੈਗੂਲੇਟਰੀ ਅਥਾਰਿਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹ ਗੁਜਰਾਤ, ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਇਹ ਪ੍ਰੋਗਰਾਮ ਲੈਕੇ ਗਏ ਹਨ ਅਤੇ ਅਖੀਰ ਵਿੱਚ ਮਾਨਸਾ ਜ਼ਿਲ੍ਹੇ ਵਿੱਚ ਨੇਕੀ ਫਾਉਂਡੇਸ਼ਨ ਦੀ ਮਦਦ ਨਾਲ ਪਹੁੰਚੇ ਹਨ, ਪਰ ਜੋ ਪ੍ਰਬੰਧ ਨੇਕੀ ਫਾਉਂਡੇਸ਼ਨ ਦੁਆਰਾ ਕੀਤੇ ਗਏ ਹਨ, ਅਜਿਹਾ ਹੋਰ ਕਿਸੇ ਵੀ ਜ਼ਿਲ੍ਹੇ ਵਿੱਚ ਦੇਖਣ ਨੂੰ ਨਹੀਂ ਮਿਲਿਆ।

LEAVE A REPLY

Please enter your comment!
Please enter your name here