

ਮਾਨਸਾ, 22 ਨਵੰਬਰ(ਸਾਰਾ ਯਹਾ,ਬਲਜੀਤ ਸ਼ਰਮਾ) ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਅਤੇ ਯੋਗਤਾ 1
ਜਨਵਰੀ 2020 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇਆਂ ਨਾਲ ਮੀਟਿੰਗ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਵਿਧਾਨ ਸਭਾ ਚੋਣ ਹਲਕੇ ਵਿਚ ਵੋਟਰਾਂ ਦੀ ਗਿਣਤੀ 1500 ਤੋਂ ਵੱਧ ਹੈ ਤਾਂ ਉਸ ਨੂੰ ਰੈਸ਼ਨੇਲਾਈਜ਼ੇਸ਼ਨ ਕਰਕੇ ਨਵੇਂ ਪੋਲਿੰਗ ਸਟੇਸ਼ਨ ਬਣਾਉਣ ਦੀ ਤਜਵੀਜ਼ ਮੰਗੀ ਗਈ ਹੈ। ਇਸ ਮੌਕੇ
ਪੋਲਿੰਗ ਸਟੇਸ਼ਨਾਂ ਦੀਆਂ ਲਿਸਟਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇਆਂ ਨੂੰ ਸੌਂਪੀਆਂ ਗਈਆਂ ਅਤੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਇੱਛੁਕ ਤਬਦੀਲੀ ਲਈ ਲਿਖਤੀ ਤੌਰ ਤੇ 2 ਦਿਨਾਂ ਅੰਦਰ ਦਿੱਤਾ ਜਾ ਸਕਦਾ ਹੈ।
ਮੀਟਿੰਗ ਦੋਰਾਨ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 16 ਦਸੰਬਰ 2019 ਨੂੰ ਹੋਵੇਗੀ। ਦਾਅਵੇ, ਇਤਰਾਜ਼ 16 ਦਸੰਬਰ 2019 ਤੋਂ 15 ਜਨਵਰੀ 2020 ਤੱਕ ਭਰੇ ਜਾ ਸਕਦੇ ਹਨ। 27 ਜਨਵਰੀ 2020 ਤੱਕ ਦਾਅਵੇ, ਇਤਰਾਜ਼ਾਂ ਦਾ ਨਿਪਟਾਰਾ ਹੋਵੇਗਾ। 04 ਫਰਵਰੀ 2020 ਤੱਕ ਅਨੁਪੂਰਕਾਂ ਦੀ ਤਿਆਰੀ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 07 ਫਰਵਰੀ 2020 ਨੂੰ ਕੀਤੀ ਜਾਵੇਗੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੀ ਜਨਮ ਮਿਤੀ 01 ਜਨਵਰੀ 2002 ਜਾਂ ਉਸ ਤੋਂ ਪਹਿਲਾਂ ਦੀ ਹੈ ਤੇ ਉਸ ਦੀ ਵੋਟ ਵੋਟਰ ਸੂਚੀ ਵਿਚ ਸ਼ਾਮਲ ਨਹੀਂ ਹੈ ਤਾਂ ਉਹ ਆਪਣੀ ਵੋਟ ਬਣਵਾਉਣ ਲਈ ਸਬੰਧਤ ਬੂਥ ਲੈਵਲ ਅਫਸਰ ਪਾਸ ਜਾਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਵਿਖੇ ਫਾਰਮ ਨੰਬਰ 6 ਵਿਚ ਆਪਣਾਂਾ ਦਾਅਵਾ ਪੇਸ਼ ਕਰ ਸਕਦਾ ਹੈ। ਐਨ.ਆਰ.ਆਈ. ਦੀ ਸੂਰਤ ਵਿਚ ਦਾਅਵਾ ਫਾਰਮ ਨੰਬਰ 6-ਏ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਮੌਤ ਹੋ ਜਾਣ ਤੇ ਜਾਂ ਵਿਆਹੇ ਜਾਣ ਦੀ ਸੂਰਤ ਵਿਚ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟ ਵਿਚ ਦਰੁਸਤੀ ਲਈ ਫਾਰਮ ਨੰਬਰ 8 ਭਰ ਕੇ ਦਿੱਤਾ ਜਾ ਸਕਦਾ ਹੈ। ਇਹ ਫਾਰਮ ਐਨ.ਵੀ.ਐਸ. (ਨੈਸ਼ਨਲ ਵੋਟਰ ਸਰਵਿਸ) ਪੋਰਟਲ ਤੇ ਆਨਲਾਈਨ ਵੀ ਭਰੇ ਜਾ ਸਕਦੇ ਹਨ। ਇਸ ਪੋਰਟਲ ਤੇ ਆਪਣੇ ਇਲਾਕੇ ਦੇ ਬੀ.ਐਲ.ਓ. ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਚੋਣਾਂ, ਵੋਟਰ ਸੂਚੀਆਂ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਟੋਲ ਫਰੀ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਹਾਜਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੁਆਰਾ ਹਰੇਕ ਪਾਰਟੀ ਨੂੰ ਆਪਣੇ-ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਵੋਟਰ ਸੂਚੀ ਦੀ ਸੁਧਾਈ ਅਤੇ ਚੋਣਾਂ ਸਬੰਧੀ ਹਰੇਕ ਗਤੀਵਿਧੀ ਦੀ ਜਾਣਕਾਰੀ ਮਿਲਦੀ ਰਹੇ। ਉਨ੍ਹਾਂ ਸਮੂਹ ਪਾਰਟੀਆਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਕੇ ਲਿਸਟਾਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਨੂੰ ਦਿੱਤੀਆਂ ਜਾਣ।























