

ਨਵੀਂ ਦਿੱਲੀ (ਸਾਰਾ ਯਹਾ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਸਾਥੀ ਮੰਤਰੀਆਂ ਨਾਲ ਅੱਜ ਚੌਥੇ ਦਿਨ ਵੀ ਉਪ ਰਾਜਪਾਲ ਅਨਿਲ ਬੈਜਲ ਦੀ ਸਰਕਾਰੀ ਰਿਹਾਇਸ਼ ‘ਤੇ ਡਟੇ ਹੋਏ ਹਨ। ਉਹ ਦਿਨ-ਰਾਤ ਉਪ ਰਾਜਪਾਲ ਦੇ ‘ਉਡੀਕ ਕਮਰੇ’ ਵਿੱਚ ਧਰਨਾ ਦੇ ਰਹੇ ਹਨ। ਉਨ੍ਹਾਂ ਨਾਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਟਰਾਂਸਪੋਰਟ ਮੰਤਰੀ ਸਤਿੰਦਰ ਜੈਨ ਤੇ ਕਿਰਤ ਮੰਤਰੀ ਗੋਪਾਲ ਰਾਇ ਵੀ ਮੌਜੂਦ ਹਨ।
ਸਤਿੰਦਰ ਜੈਨ ਤੋਂ ਬਾਅਦ ਬੁੱਧਵਾਰ ਨੂੰ ਮਨੀਸ਼ ਸਿਸੋਦੀਆ ਵੀ ਭੁੱਖ ਹੜਤਾਲ ਉੁਪਰ ਬੈਠ ਗਏ। ਦੂਜੇ ਪਾਸੇ ਉਪ ਰਾਜਪਾਲ ਅਨਿਲ ਬੈਜਲ ਮੁਲਾਕਾਤ ਨਹੀਂ ਕਰ ਰਹੇ ਜਿਸ ਕਰਕੇ ਸਿਆਸਤ ਹੋਰ ਗਰਮਾ ਗਈ ਹੈ। ਕੇਜਰੀਵਾਲ ਦੇ ਕਰੀਬੀਆਂ ਮੁਤਾਬਕ ਇਹ ਉਨ੍ਹਾਂ ਦਾ ‘ਸਰਜੀਕਲ ਸਟਰਾਈਕ’ ਹੈ ਤੇ ਉਹ ਦਿੱਲੀ ਵਾਸੀਆਂ ਲਈ ਹੀ ਧਰਨੇ ’ਤੇ ਬੈਠੇ ਹਨ। ਦਿੱਲੀ ਪੁਲਿਸ ਨੇ ਰਾਜ ਨਿਵਾਸ ਨੂੰ ਜਾਂਦੇ ਰਾਹਾਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ।
ਉਧਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਾਥੀ ਮੰਤਰੀਆਂ ਵੱਲੋਂ ਉਪ ਰਾਜਪਾਲ ਦੇ ਨਿਵਾਸ ’ਤੇ ਦੋ ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਦੇ ਜਵਾਬ ਵਿੱਚ ਭਾਜਪਾ ਆਗੂਆਂ ਨੇ ਕੇਜਰੀਵਾਲ ਦੇ ਦਫ਼ਤਰ ਵਿੱਚ ਧਰਨਾ ਦਿੱਤਾ। ਧਰਨੇ ਵਿੱਚ ‘ਆਪ’ ਤੋਂ ਬਾਗ਼ੀ ਹੋ ਚੁੱਕੇ ਵਿਧਾਇਕ ਕਪਿਲ ਮਿਸ਼ਰਾ ਵੀ ਸ਼ਾਮਲ ਹੋਏ। ਭਾਜਪਾ ਆਗੂ ਵੀ ਮੁੱਖ ਮੰਤਰੀ ਦੇ ਦਫ਼ਤਰ ਬਾਹਰ ਮਹਿਮਾਨ ਕਮਰੇ ਵਿੱਚ ਉਸੇ ਤਰ੍ਹਾਂ ਬੈਠ ਗਏ ਜਿਵੇਂ ਕਿ ਕੇਜਰੀਵਾਲ ਆਪਣੇ ਸਾਥੀਆਂ ਨਾਲ ਉਪ ਰਾਜਪਾਲ ਅਨਿਲ ਬੈਜਲ ਦੇ ਸਰਕਾਰੀ ਨਿਵਾਸ ਵਿੱਚ ਬੈਠੇ ਹਨ।
EDITED BY : SARA YAHA | | Last Updated :14 June 2018























