

ਮਾਨਸਾ, 05 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਵੱਲੋਂ ਗਠਿਤ ਕਮੇਟੀ ਵੱਲੋਂ ਅੱਜ ਪ੍ਰਮੋਸ਼ਨ ਆਫ ਐਗਰੀਕਲਚਰ ਮੈਕੇਨਾਈਜ਼ੇਸ਼ਨ ਫਾਰ ਇਟ ਸਿਟੂ ਆਫ ਕਰਾਪ ਮੈਨੇਜਮੈਂਟ ਸਕੀਮ ਸਾਲ 2019-20 ਦੌਰਾਨ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਸੰਦਾਂ ਰਾਹੀਂ ਇਸ ਦਾ ਪ੍ਰਬੰਧਨ ਕਰਨ ਲਈ ਸੁਪਰ ਸੀਡਰ ਦੀ ਨਿੱਜੀ ਕਿਸਾਨਾਂ ਤੇ ਕਿਸਾਨ ਗਰੁੱਪਾਂ ਨੂੰ ਡਰਾਅ ਰਾਹੀਂ ਵੰਡ ਕੀਤੀ ਗਈ।
ਡਰਾਅ ਕੱਢਣ ਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ ਵੱਲੋਂ ਕੀਤੀ ਗਈ। ਅੱਜ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਅਤੇ ਕਿਸਾਨ ਗਰੁੱਪਾਂ ਨੇ ਡਰਾਅ ਕੱਢਣ ਦੀ ਪ੍ਰਕਿਰਿਆ ਵਿਚ ਭਾਗ ਲਿਆ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੇਲ ਸਿੰਘ ਚਾਹਲ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿਚੋਂ ਨਿੱਜੀ ਕਿਸਾਨਾਂ ਦੀਆਂ ਕੁੱਲ 196 ਅਰਜ਼ੀਆਂ ਵਿਚੋਂ 56 ਕਿਸਾਨਾਂ ਨੂੰ ਡਰਾਅ ਰਾਹੀਂ ਵੰਡ ਕੀਤੀ ਗਈ। ਜਦਕਿ ਕਿਸਾਨ ਗਰੁੱਪਾਂ ਦੀਆਂ 55 ਅਰਜ਼ੀਆਂ ਵਿਚੋਂ 5 ਗਰੁੱਪਾਂ ਨੂੰ ਮਸ਼ੀਨਰੀ ਦੀ ਵੰਡ ਡਰਾਅ ਰਾਹੀਂ ਕੀਤੀ ਗਈ। ਡਰਾਅ ਕਮੇਟੀ ਵਿਚ ਜ਼ਿਲ੍ਹੇ ਦੇ 5 ਬਲਾਕਾਂ ਵਿਚੋਂ 5 ਕਿਸਾਨ, ਬਲਾਕ ਦੇ ਖੇਤੀਬਾੜੀ ਅਧਿਕਾਰੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰ ਖੁਰਦ ਵੱਲੋਂ ਡਾ. ਰਾਜਿੰਦਰ ਕੌਰ ਸਿੱਧੂ ਹਾਜਰ ਸਨ
ਖੇਤੀਬਾੜੀ ਅਫ਼ਸਰ ਮਾਨਸਾ ਡਾ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਸੁਪਰ ਸੀਡਰ ਕਣਕ ਦੀ ਬਿਜਾਈ ਕਰਨ ਲਈ ਝੋਨੇ ਦੇ ਖੇਤਾਂ ਵਿਚ ਪਰਾਲੀ ਨੂੰ ਬਿਨਾਂ ਅੱਗ ਲਾਏ ਬਿਜਾਈ ਕਰਨ ਲਈ ਵਧੀਆ ਮਸ਼ੀਨ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਪਰਾਲੀ ਦਾ ਪ੍ਰਬੰਧ ਵੱਖ-ਵੱਖ ਢੰਗਾਂ ਜਿਵੇਂ ਕਿ ਪਰਾਲੀ ਦੀਆਂ ਗੰਢਾਂ ਬਣਾ ਕੇ, ਹੈਪੀ ਸੀਡਰ ਨਾਲ ਬਿਜਾਈ ਕਰਕੇ, ਰੋਟਾਵੇਟਰ ਅਤੇ ਹੋਰ ਤਰੀਕਿਆਂ ਨਾਲ ਵਰਤੋਂ ਕੀਤੀ ਜਾਵੇ।
ਏ.ਡੀ.ਓ. ਸਰਦੂਲਗੜ੍ਹ ਡਾ. ਮਨੋਜ ਕੁਮਾਰ ਨੇ ਦੱਸਿਆ ਕਿ 35 ਚਾਪਰ, ਮਲਚਰ ਤੇ ਮੋਲਡ ਪਲੋਅ ਆਦਿ ਪਹਿਲਾਂ ਹੀ ਕਿਸਾਨਾਂ ਤੇ ਕਿਸਾਨ ਗਰੁੱਪਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਏ ਗਏ ਹਨ ਸੋ ਉਨ੍ਹਾਂ ਦੀ ਵਰਤੋਂ ਵੱਧ ਤੋਂ ਵੱਧ ਪਰਾਲੀ ਦੇ ਪ੍ਰਬੰਧ ਲਈ ਕੀਤੀ ਜਾਵੇ।
ਏ.ਡੀ.ਓ. ਝੁਨੀਰ ਡਾ. ਹਰਵਿੰਦਰ ਸਿੰਘ ਨੇ ਪਰਾਲੀ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਜਿਵੇਂ ਕਿ ਮਿੱਤਰ ਕੀੜਿਆਂ ਦਾ ਖ਼ਾਤਮਾ, ਜ਼ਮੀਨ ਦੇ ਤੱਤਾਂ ਦਾ ਨੁਕਸਾਨ ਤੇ ਪੰਛੀਆਂ ਤੇ ਮਨੁੱਖਾਂ ਨੂੂੰ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਡਾ. ਚਮਨਦੀਪ ਸਿੰਘ ਡੀ.ਪੀ.ਡੀ. ਮਾਨਸਾ ਨੇ ਡਰਾਅ ਦੀ ਕਾਰਵਾਈ ਵਿਚ ਮੰਚ ਸੰਚਾਲਣ ਦੀ ਭੂਮਿਕਾ ਨਿਭਾਈ ਅਤੇ ਡਰਾਅ ਵਿਚ ਕਾਮਯਾਬ ਹੋਣ ਵਾਲੇ ਕਿਸਾਨਾਂ ਨੂੰ ਵਧਾਈ ਵੀ ਦਿੱਤੀ।
ਅਖ਼ੀਰ ਵਿਚ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਚਾਹਲ ਨੇ ਡਰਾਅ ਵਿਚ ਸ਼ਾਮਲ ਹੋਏ ਕਿਸਾਨ ਅਤੇ ਕਿਸਾਨ ਗਰੁੱਪਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਕਿਸਾਨ ਗਰੁੱਪ 8 ਮਨਜ਼ੂਰਸ਼ੁਦਾ ਫਰਮਾਂ ਤੋਂ ਸੁਪਰ ਸੀਡਰ ਦੀ ਖਰੀਦ ਕਰਨ ਉਪਰੰਤ ਬਿੱਲ 9 ਨਵੰਬਰ 2019 ਤੱਕ ਖੇਤੀਬਾੜੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਸਬਸਿਡੀ ਮੁਹੱਈਆ ਕਰਵਾਈ ਜਾ ਸਕੇ। ਹਾਜਰ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦਾ ਵਿਸ਼ਵਾਸ ਦਿਵਾਇਆ ਗਿਆ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਸ੍ਰੀ ਬਲਜੀਤ ਸਿੰਘ, ਸ੍ਰੀ ਕਮਲਦੀਪ ਸਿੰਘ, ਸੀ੍ਰ ਗੁਰਬਾਜ ਸਿੰਘ, ਸ੍ਰੀ ਗੁਰਪਾਲ ਸਿੰਘ ਮੌਜੂਦ ਸਨ।























