

ਮਾਨਸਾ, 01 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ): ਬੱਡੀਜ਼ ਪ੍ਰੋਗਰਾਮ ਤਹਿਤ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਾਨਸਾ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਦੇ ਖਾਤਮੇ ਦਾ ਹੋਕਾ ਦਿੰਦਿਆਂ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਵਿਚ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਸਟਾਫ਼ ਸਾਂਝ ਕੇਂਦਰ, ਪੁਲਿਸ ਵਿਭਾਗ ਮਾਨਸਾ ਦੁਆਰਾ ਵੀ ਭਾਗ ਲਿਆ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਸਮਾਜ ਲਈ ਕੋਹੜ ਹੈ ਜੋ ਕਿ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿਚ ਅੜਿੱਕਾ ਬਣਦਾ ਹੈ। ਉਨ੍ਹਾਂ ਕਿਹਾ ਕਿ ਬੱਡੀਜ਼ ਪ੍ਰੋਗਰਾਮ ਤਹਿਤ ਕਰਵਾਈ ਜਾ ਰਹੀ ਇਹ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਸ਼ਲਾਘਾਯੋਗ ਕਦਮ ਹੈ ਜਿਸ ਦੇ ਨਾਲ ਜਿੱਥੇ ਵਿਦਿਆਰਥੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਹੋਣਗੇ ਉੱਥੇ ਹੀ ਉਹ ਦੂਜਿਆਂ ਲਈ ਵੀ ਰਾਹ ਦਸੇਰਾ ਬਣਨਗੇ। ਉਨ੍ਹਾਂ ਦੱਸਿਆ ਕਿ ਬੱਡੀਜ਼ ਤਹਿਤ ਚਾਰ ਅਜਿਹੇ ਕੇਸ ਸਾਹਮਣੇ ਆਏ ਹਨ ਜਿੰਨ੍ਹਾਂ ਵਿਚ ਬੱਡੀਜ਼ ਨੇ ਆਪਣੇ ਸੀਨੀਅਰ ਬੱਡੀਜ਼ ਨੂੰ ਕਿਸੇ ਨਸ਼ਾ ਕਰਨ ਵਾਲੇ ਸਬੰਧੀ ਜਾਣਕਾਰੀ ਦਿੱਤੀ, ਜਿੰਨ੍ਹਾਂ ਨੂੰ ਪੰਜਾਬ ਸਰਕਾਰ ਸਿਹਤ ਵਿਭਾਗ ਦੁਆਰਾ ਖੋਲ੍ਹੇ ਗਏ ਓਟ ਕੇਂਦਰਾਂ ਵਿਚ ਇਲਾਜ ਲਈ ਭੇਜਿਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਨਸ਼ਾ ਕਰਨ ਦੇ ਆਦੀ ਵਿਅਕਤੀਆਂ ਦਾ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ ਜਿਸ ਲਈ ਮਾਨਸਾ ਜ਼ਿਲ੍ਹੇ ਵਿਚ ਵੀ ਝੁਨੀਰ, ਬੁਢਲਾਡਾ, ਸਰਦੂਲਗੜ੍ਹ, ਮਾਨਸਾ ਅਤੇ ਭੀਖੀ ਵਿਖੇ ਓਟ ਕੇਂਦਰ ਸਿਹਤ ਵਿਭਾਗ ਦੇ ਅਧੀਨ ਕੰਮ ਕਰ ਰਹੇ ਹਨ।
ਇਸ ਮੌਕੇ ਮੌਜੂਦ ਐਸ.ਪੀ. ਸ੍ਰੀ ਕੁਲਦੀਪ ਸਿੰਘ ਸੋਹੀ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਨਸ਼ਿਆਂ ਦੇ

ਖਾਤਮੇ ਲਈ ਨਿਰੰਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਵੱਡੀ ਮਾਤਰਾ ਵਿਚ ਰੋਜ਼ਾਨਾਂ ਹੀ ਨਸ਼ੀਨੇ ਪਦਾਰਥਾਂ ਦੀਆਂ ਬਰਾਮਦਗੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਸ ਪਾਸ ਜੇਕਰ ਕੋਈ ਵੀ ਬੱਚਾ ਜਾ ਹੋਰ ਕੋਈ ਵੀ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਦਿੱਤੀ ਜਾਵੇ ਤਾਂ ਜੋ ਨਸ਼ੇ ਅਤੇ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਈ ਜਾ ਸਕੇ।
ਇਸ ਮੌਕੇ ਪ੍ਰਿੰਸੀਪਲ ਡੀ.ਏ.ਵੀ. ਸਕੂਲ ਸ੍ਰੀ ਵਿਨੋਦ ਰਾਣਾ, ਪ੍ਰਿੰਸੀਪਲ ਵਿਜੇ ਕੁਮਾਰ, ਮੈਨੇਜ਼ਰ ਸਟੇਟ ਬੈਂਕ ਆਫ਼ ਇੰਡੀਆ ਮਿਸ ਨੇਹਾ, ਜ਼ਿਲ੍ਹਾ ਨੋਡਲ ਅਫ਼ਸਰ ਬੱਡੀਜ਼ ਪ੍ਰੋਗਰਾਮ ਸ੍ਰੀ ਨਿਰਮਲ ਸਿੰਘ ਮੌਜੂਦ ਸਨ।























