

ਮਾਨਸਾ 28 ਅਕਤੂਬਰ ((ਸਾਰਾ ਯਹਾ,ਬਪਸ):ਦੀਵਾਲੀ ਮੌਕੇ ਝੁਨੀਰ ਵਿਖੇ ਪੰਜਾਬੀ ਗਾਇਕ ਕੋਰਵਾਲੀਆ ਮਾਨ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਜਗਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤਾ ਗਿਆ। ਜਗਪਾਲ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਇਕ ਕੋਰਵਾਲੀਆ ਮਾਨ ਦਾ ਗੀਤ ‘ਦਾਦਕੇ-ਨਾਨਕੇ’ ਜੋ ਪੰਜਾਬੀ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਉਨ੍ਹਾਂ ਵੱਲੋਂ ਆਪਣਾ ਦੂਸਰਾ ਗੀਤ ‘ਫਿਲਮੀ ਸੀਨ’ ਰਿਲੀਜ਼ ਕੀਤਾ ਹੈ ਜੋ ਕੁਝ ਦਿਨਾਂ ਵਿਚ ਹੀ ਲੱਖਾਂ ਲੋਕਾਂ ਦੀ ਪਸੰਦ ਬਣ ਗਿਆ ਹੈ।ਇਸ ਗੀਤ ਨੇ ਪੰਜਾਬੀ ਸੰਗੀਤ ਜਗਤ ਵਿੱਚ ਤਹਿਲਕਾ ਮਚਾ ਦਿੱਤਾ ਹੈ । ਮਾਨਸਾ ਜ਼ਿਲ੍ਹੇ ਦੇ ਪਿੰਡ ਕੋਰਵਾਲਾ ਦੇ ਜੰਮਪਲ ਪੰਜਾਬੀ ਗਾਇਕ ਕੋਰਵਾਲੀਆ ਮਾਨ ਦੇ ਇਸ ਗੀਤ ਨੂੰ ਕੰਪਨੀ ਸੈਵਨ ਪੁਆਇੰਟ ਪਿਕਚਰ ਵੱਲੋਂ ਰਿਲੀਜ਼ ਕੀਤਾ ਗਿਆ।ਗੀਤ ਫ਼ਿਲਮੀ ਸੀਨ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੀ ਸੋਸ਼ਲ ਮੀਡੀਆ ਤੇ ਭਰਪੂਰ ਚਰਚਾ ਚੱਲ ਰਹੀ ਹੈ। ਚੜ੍ਹਦੀ ਉਮਰ ਦੇ ਇਸ ਗਾਇਕ ਨੇ ਵੱਡੇ-ਵੱਡੇ ਗਾਇਕਾਂ, ਪ੍ਰਮੋਟਰਾ ਅਤੇ ਸੰਗੀਤਕਾਰਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਬਿਨਾਂ ਕਿਸੇ ਵੱਡੀ ਕੰਪਨੀ ਅਤੇ ਬਿਨਾਂ ਕਿਸੇ ਐਡ ਤੋਂ ਇਹ ਗੀਤ ਸੁਪਰਹਿੱਟ ਹੋ ਰਿਹਾ ਹੈ। ਗਾਇਕ ਕੋਰਵਾਲੀਆ ਮਾਨ ਨੇ ਕਿਹਾ ਕਿ ਮੇਰਾ ਪਹਿਲਾ ਗੀਤ ‘ਦਾਦਕੇ ਨਾਨਕੇ’ ਨੂੰ ਮਿਲੇ ਭਰਵੇਂ ਹੁੰਗਾਰੇ ਨੂੰ ਵੇਖਦਿਆਂ ਹੀ ਉਸ ਤੋਂ ਬਾਅਦ ਇਹ ਗੀਤ ‘ਫਿਲਮੀ ਸੀਨ’ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਹੈ। ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮੈਂ ਸਰੋਤਿਆਂ ਦਾ ਤਹਿਦਿਲੋ ਧੰਨਵਾਦੀ ਹਾਂ ਜਿੰਨ੍ਹਾਂ ਮੈਨੂੰ ਏਨਾ ਪਿਆਰ ਬਖਸ਼ਿਆ ਹੈ। ਮੇਰੇ ਇਸ ਸੰਗੀਤਕ ਸਫਰ ਚ ਮੇਰੇ ਪਿਤਾ ਸੁਰਜੀਤ ਸਿੰਘ ਪੰਜਾਬ ਪੁਲਿਸ ਤੇ ਮੇਰੇ ਦੋਸਤਾਂ ਮਿੱਤਰਾਂ ਦਾ ਬਹੁਤ ਸਹਿਯੋਗ ਰਿਹਾ ਹੈ।ਇਸ ਮੌਕੇ ਅਮ੍ਰਿਤਪਾਲ ਖਹਿਰਾ, ਗੁਰਪ੍ਰੀਤ ਝੰਡਾ ਕਲਾਂ, ਪੱਤਰਕਾਰ ਰਮਨਦੀਪ ਸਿੰਘ ਸੰਧੂ, ਗੁਲਾਬ ਖਹਿਰਾ, ਸੰਜੀਵ ਕੁਮਾਰ ਝੰਡੂਕੇ, ਨਿੱਕਾ ਸਿੰਘ, ਹੈਪੀ ਭੰਮਾ ਆਦਿ ਮੌਜੂਦ ਸਨ ।























