

ਮਾਨਸਾ, 23 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਖਰ ਖੁਰਦ, ਮਾਨਸਾ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸਰਦੂਲਗੜ੍ਹ ਦੇ ਸਹਿਯੋਗ ਨਾਲ ਸਰਦੂਲਗੜ੍ਹ ਵਿਖੇ ਪਰਾਲੀ ਨੂੰ ਅੱਗ ਨਾ ਲਾਈਏ, ਵਾਤਾਵਰਣ ਨੂੰ ਬਚਾਈਏ ਦੇ ਉਦੇਸ਼ ਤਹਿਤ ਕਿਸਾਨ ਮੇਲਾ ਲਾਇਆ ਗਿਆ।
ਐਸ.ਡੀ.ਐੱਮ, ਸਰਦੂਲਗੜ੍ਹ ਸ੍ਰੀ ਰਾਜਪਾਲ ਸਿੰਘ ਨੇ ਕਿਸਾਨ ਮੇਲੇ ਦੀ ਪ੍ਰਧਾਨਗੀ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੇਲ ਸਿੰਘ ਚਾਹਲ ਨੇ ਪਰਾਲੀ ਦੀ ਸਾਂਭ-ਸੰਭਾਲ ਦੀਆਂ ਮਸ਼ੀਨਾਂ ਬਾਰੇ ਅਤੇ ਮਸ਼ੀਨਾਂ ਤੇ ਮਿਲਣ ਵਾਲੀ ਸਬਸਿਡੀ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਪ੍ਰਦੂਸਣ ਵੀ ਘੱਟ ਹੋਵੇਗਾ।
ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਡਾ. ਜੀ.ਪੀ.ਐਸ. ਸੋਢੀ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਜੀ ਆਇਆਂ ਆਖਿਆ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜਨ ਲਈ ਕਿਹਾ ਤਾਂ ਜੋ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਡਾ. ਸੋਢੀ ਨੇ ਕਿਸਾਨ ਵੀਰਾਂ ਨੂੰ ਕੇ.ਵੀ.ਕੇ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਸਿਖਲਾਈ ਕੋਰਸਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬੀਬੀਆਂ ਕੇ.ਵੀ.ਕੇ. ਤੋਂ ਸਵੈ-ਸਹਾਇਤਾ ਗਰੁੱਪ ਬਣਾਉਣ ਦੀ ਸਿਖਲਾਈ ਲੈ ਕੇ ਨਾਰੀ ਸ਼ਸ਼ਕਤੀਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੀਆਂ ਹਨ।
ਇਸ ਮੇਲੇ ਵਿਚ ਵੱਖ-ਵੱਖ ਮਹਿਕਮਿਆਂ ਅਤੇ ਕੰਪਨੀਆਂ ਨੇ ਸਟਾਲਾਂ ਲਗਾ ਕੇ ਆਏ ਹੋਏ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਇਆ।
ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ, ਨੇ ਕਿਸਾਨ ਵੀਰਾਂ ਨੂੰ ਖੇਤੀ ਜਿਣਸਾਂ ਤੋਂ ਉਤਪਾਦ ਬਨਾਉਣ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾ ਬਾਰੇ ਜਾਣਕਾਰੀ ਦਿੱਤੀ, ਤਾਂ ਕਿ ਕਿਸਾਨ ਵੀਰ ਖੇਤੀ ਉਤਪਾਦਾਂ ਤੋਂ ਵਧੇਰੇ ਮੁਨਾਫਾ ਕਮਾ ਸਕਣ। ਡਾ. ਆਰਤੀ ਵਰਮਾ ਵੱਲੋਂ ਕਿਸਾਨ ਵੀਰਾਂ ਨਾਲ ਫਲ਼ਦਾਰ ਬੂਟਿਆਂ ਅਤੇ ਸਬਜ਼ੀਆਂ ਦੀ ਕਾਸ਼ਤ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਪ੍ਰਿਤਪਾਲ ਸਿੰਘ ਸਹਾਇਕ ਪ੍ਰੋਫੈਸਰ, ਭੂਮੀ ਵਿਗਿਆਨ ਨੇ ਕਿਸਾਨ ਵੀਰਾਂ ਨੂੰ ਅਗਾਮੀ ਹਾੜ੍ਹੀ ਰੁੱਤ ਦੀਆਂ ਫ਼ਸਲਾਂ ਵਿੱਚ ਰਸਾਇਣਕ ਖਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਸਬੰਧੀ, ਡਾ. ਗੁਰਦੀਪ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਉਲੀਕੇ ਸਿਖਲਾਈ ਕੋਰਸਾਂ ਅਤੇ ਹੋਰ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਾ. ਰਜਿੰਦਰ ਕੌਰ ਸਿੱਧੂ ਨੇ ਕਿਸਾਨ ਵੀਰਾਂ ਨੂੰ ਚੰਗੀ ਸਿਹਤ ਲਈ ਪੌਸ਼ਟਿਕ ਅਹਾਰ ਦੀ ਅਹਿਮਤ ਬਾਰੇ ਦੱਸਿਆ। ਇਸ ਮੌਕੇ ਡਾ. ਭਰਤ ਸਿੰਘ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਆਏ ਹੋਏ ਮਹਿਮਾਨਾਂ ਅਤੇ ਸਮੂਹ ਕਿਸਾਨ ਭਰਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੇਲੇ ਵਿਚ ਸ਼ਹਿਰ ਤੇ ਇਲਾਕੇ ਦੇ ਪਤਵੰਤਿਆਂ ਤੋਂ ਇਲਾਵਾ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ।























