

ਮਾਨਸਾ, 23 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ, ਮਾਨਸਾ ਸ੍ਰੀਮਤੀ ਅਪਨੀਤ ਰਿਆਤ ਦੇ ਨਿਰਦੇਸ਼ਾਂ ਹੇਠ ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ ਨੇ ਫੂਡ ਸੈਫਟੀ ਅਫਸਰ ਦੀ ਟੀਮ ਨਾਲ ਮਿਲ ਕੇ ਮਾਨਸਾ ਸ਼ਹਿਰ ਵਿਖੇ ਚੱਲ ਰਹੀਆਂ ਮਿਠਾਈਆਂ ਅਤੇ ਫਲਾਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿੱਤਯ ਡੇਚਲਵਾਲ ਨੇ ਬੁਢਲਾਡਾ ਅਤੇ ਬੋਹਾ ਵਿਚਲੀਆਂ ਦੁਕਾਨਾਂ ਦਾ ਨਿਰੀਖਣ ਕੀਤਾ।
ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ, ਇਸ ਗੱਲ ਨੂੰ ਮੁੱਖ ਰੱਖਦਿਆਂ ਇਸ ਦੌਰਾਨ ਵਿਕਣ ਵਾਲੀਆਂ ਮਿਠਾਈਆਂ ਅਤੇ ਹੋਰ ਖੁਰਾਕ ਪਦਾਰਥਾਂ ਦੀ ਸ਼ੁੱਧਤਾ ਯਕੀਨੀ ਬਣਾਈ ਜਾਣੀ ਜਰੂਰੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਪ੍ਰਸ਼ਾਸ਼ਨ ਨੂੰ ਸਹਿਯੋਗ ਕਰਦੇ ਹੋਏ ਇਸ ਵੱਲ ਖਾਸ ਤਵੱਜੋ ਦੇਣ ਅਤੇ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਦੌਰਾਨ ਮਾਨਸਾ ਵਿਖੇ ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ ਨੇ ਲਵਲੀ ਸਵੀਟਸ, ਸ਼ਰਮਾ ਫਰੂਟ, ਸਿਆਮ ਸਵੀਟਸ, ਕੇ.ਐਸ. ਸਵੀਟਸ, ਜੀ.ਐਮ. ਸਵੀਟਸ, ਦੁਰਗਾ ਸਵੀਟਸ, ਜੋਨੀ ਵਰਾਇਟੀ ਸਟੋਰ, ਸੋਨੂੰ ਫਰੂਟਸ, ਪ੍ਰਮੋਦ ਸਵੀਟਸ, ਨਿੱਕੀ ਚਾਟ ਭੰਡਾਰ ਆਦਿ ਦੁਕਾਨਾਂ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੁਕਾਨਾਂ ਦੀ ਚੈਕਿੰਗ ਕਰਦੇ ਸਮੇਂ ਇਹ ਵੇਖਣ ਵਿੱਚ ਆਇਆ ਹੈ ਕਿ ਮਿਠਾਈਆਂ ਦੀਆਂ ਦੁਕਾਨਾਂ ਦੇ ਵਿੱਚ ਸਾਫ ਸਫਾਈ ਠੀਕ ਹੈ। ਮਿਠਾਈਆਂ ਨੂੰ ਜਾਲੀ ਦੇ ਕੱਪੜੇ ਨਾਲ ਢੱਕ ਕੇ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਫਲਾਂ ਦੀਆਂ ਦੁਕਾਨਾਂ ਵਿੱਚ ਕੋਈ ਵੀ ਗਲੇ -ਸੜੇ ਫਲ ਨਹੀਂ ਮਿਲੇ। ਜਿਨ੍ਹਾਂ ਦੁਕਾਨਦਾਰਾਂ ਵੱਲੋਂ ਮਿਠਾਈਆਂ ਨੂੰ ਨੰਗਾ ਰੱਖਿਆ ਸੀ, ਉਨ੍ਹਾਂ ਨੂੰ ਤੁਰੰਤ ਹਦਾਇਤ ਕੀਤੀ ਗਈ ਕਿ ਇਸ ਨੂੰ ਜਾਲੀ ਦੇ ਕਪੜੇ ਨਾਲ ਢੱਕਿਆ ਜਾਵੇ ਤਾਂ ਜੋ ਮੱਖੀ ਵਗੈਰਾ ਨਾ ਬੈਠ ਸਕੇ। ਇਸ ਤੋਂ ਇਲਾਵਾ ਸਾਰੇ ਦੁਕਾਨਦਾਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਮਿਠਾਈਆਂ
ਵਿੱਚ ਵਰਤਣ ਵਾਲੀ ਸਮੱਗਰੀ ਸਾਫ ਸੁੱਥਰੀ ਅਤੇ ਅਸਲ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਮਿਠਾਈਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਮਿਲਾਵਟ ਨਾ ਕੀਤੀ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਜੇਕਰ ਕੋਈ ਦੁਕਾਨਦਾਰ ਮਿਠਾਈਆਂ ਵਿੱਚ ਘਟੀਆਂ ਮਟੀਰੀਅਲ ਜਾਂ ਮਿਲਾਵਟ ਕਰਦਾ ਹੈ ਤਾਂ ਉਨ੍ਹਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਅਚਨਚੇਤ ਚੈਕਿੰਗ ਦੀ ਕਾਰਵਾਈ ਹਰ ਰੋਜ਼ ਚੱਲਦੀ ਰਹੇਗੀ।
ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿੱਤਯ ਡੇਚਲਵਾਲ ਦੁਆਰਾ ਬੁਢਲਾਡਾ ਅਤੇ ਬੋਹਾ ਵਿਖੇ ਮਿਠਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਮਿਠਾਈਆਂ ਬਿਨਾਂ ਮਿਲਾਵਟ ਤੋਂ ਅਤੇ ਸਫਾਈ ਵਾਲੀਆਂ ਹੀ ਵੇਚਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੁਕਮਾਂ ਦੀ ਉਲੰਘਣਾਂ ਹੁੰਦੀ ਹੈ ਤਾਂ ਸਬੰਧਤ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਸ੍ਰੀ ਮਿਲਕ ਡੇਅਰੀ ਅਤੇ ਸਵੀਟਸ ਬੁਢਲਾਡਾ ਤੋਂ ਖੋਆ ਬਰਫ਼ੀ, ਬੀਕਾਨੇਰ ਮਿਸ਼ਠਾਨ ਭੰਡਾਰ ਬੁਢਲਾਡਾ ਤੋਂ ਖੋਆ, ਸ਼ਿਵ ਸਵੀਟਸ ਬੁਢਲਾਡਾ ਤੋਂ ਦੁੱਧ, ਸ਼ਾਮ ਟਰੇਡਰਜ਼ (ਡੇਅਰੀ) ਬੁਢਲਾਡਾ ਤੋਂ ਘੀ, ਪਨੀਰ ਅਤੇ ਦੁੱਧ, ਬਚਨਾ ਰਾਮ ਸਵੀਟਸ ਬੁਢਲਾਡਾ ਤੋਂ ਖੋਆ, ਬਰਫ਼ੀ ਅਤੇ ਰਸਗੁੱਲੇ ਦੇ ਸੈਂਪਲ ਭਰ ਕੇ ਸੀਲਬੰਦ ਕਰਕੇ ਫੂਡ ਸਟੇਟ ਲੈਬੋਰੇਟਰੀ ਖਰੜ ਨੂੰ ਭੇਜੇ ਗਏ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 16 ਅਕਤੂਬਰ 2019 ਨੂੰ ਸਾਹਿਲ ਸਵੀਟਸ ਬੋਹਾ ਪਾਸੋਂ ਗੁਲਾਬਜਾਮੁਨ, ਨਿਊ ਮੰਗਲਾ ਸਵੀਟਸ ਹਾਊਸ ਬੋਹਾ ਪਾਸੋਂ ਖੋਆ, ਗਰਗ ਸਵੀਟ ਹਾਊਸ ਬੋਹਾ ਪਾਸੋਂ ਖੋਆ, ਮਿੱਠੂ ਸਵੀਟ ਹਾਊਸ ਬੋਹਾ ਪਾਸੋਂ ਖੋਆ ਤੇ ਬਰਫੀ, ਸੰਧੂ ਡੇਅਰੀ ਤੇ ਸਵੀਟਸ ਬੋਹਾ ਪਾਸੋਂ ਖੋਆ ਅਤੇ ਦੀਪ ਸਵੀਟਸ ਹਾਊਸ ਬੋਹਾ ਪਾਸੋਂ ਰਸਗੁੱਲੇ ਦੇ ਸੈਂਪਲ ਭਰ ਕੇ ਟੈਸਟ ਲਈ ਫੂਡ ਸਟੇਟ ਲੈਬੋਰੇਟਰੀ ਖਰੜ ਨੂੰ ਭੇਜੇ ਜਾ ਚੁੱਕੇ ਹਨ।
ਇਸ ਦੌਰਾਨ ਆਮ ਮਿਠਾਈ ਵਾਲੇ ਦੁਕਾਨਦਾਰਾਂ ਨੇ ਮੰਨਿਆਂ ਕਿ ਲੋਕ ਇਸ ਵਾਰ ਆਮ ਵਾਂਗ ਮਿਠਾਈਆਂ ਘੱਟ ਖਰੀਦ ਰਹੇ ਹਨ, ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਲੋਕਾਂ ਦੀ ਸਿਹਤ ਵੱਲ ਧਿਆਨ ਦਿੰਦੇ ਹੋਏ ਆਪਣੀ ਹਰ ਚੀਜ਼ ਦੀ ਸ਼ੁੱਧਤਾ ਅਤੇ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਗੇ।

























