-ਯੂਥ ਕਲੱਬਾਂ ਨੇ ਪਿੰਡਾਂ ਦੇ ਵਿਕਾਸ ਅਤੇ ਖੁਸ਼ਹਾਲੀ ਦੀ ਕਮਾਨ ਸੰਭਾਲੀ: ਡਿਪਟੀ ਕਮਿਸ਼ਨਰ

0
16

ਮਾਨਸਾ, 25 ਸਤੰਬਰ (ਸਾਰਾ ਯਹਾ,ਬਲਜੀਤ ਸ਼ਰਮਾ): ਯੂਥ ਕਲੱਬਾਂ ਨੇ ਪਿੰਡਾਂ ਵਿਚ ਵਿਕਾਸ ਅਤੇ ਖੁਸ਼ਹਾਲੀ ਲਿਆਉਣ ਲਈ ਕਮਾਨ ਸੰਭਾਲੀ ਹੈ। ਇਹ ਮਾਨਸਾ ਦੇ ਸੂਝਵਾਨ ਅਤੇ ਮਿਹਨਤੀ ਨੌਜਵਾਨ ਪੰਜਾਬ ਦੀ ਨਵੀਂ ਪਹਿਚਾਣ ਬਣਨਗੇ। ਇਨ੍ਹਾਂ ਦੇ ਯਤਨਾਂ ਸਦਕਾ ਇਨ੍ਹਾਂ ਦੇ ਪਿੰਡਾਂ ਵਿਚ ਨਵੀਂ ਰੌਣਕ ਆਉਣ ਵਾਲੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਜ਼ਿਲ੍ਹੇ ਦੇ 96 ਤੋਂ ਵੱਧ ਯੂਥ ਕਲੱਬਾਂ ਦੇ ਮੈਂਬਰ ਨਾਲ ਗੱਲਬਾਤ ਦੌਰਾਨ ਕੀਤਾ ਜੋ ਕਿ ਜਿਲ੍ਹੇ ਵਿਚ ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਈ ਜਾ ਰਹੀ ਮੇਰਾ ਪਿੰਡ ਮੇਰਾ ਮਾਣ ਵਰਕਸ਼ਾਪ ਵਿਚ ਭਾਗ ਲੈ ਰਹੇ ਹਨ।
    1 ਅਕਤੂਬਰ 31 ਦਸੰਬਰ 2019 ਤੱਕ ਹੋਣ ਵਾਲੇ ਇਸ ਮੁਕਾਬਲੇ ਵਿਚ ਸਾਫ਼ ਸਫ਼ਾਈ ਤੋਂ ਲੈ ਕੇ ਝੋਨੇ ਦੀ ਪਰਾਲੀ ਪ੍ਰਬੰਧਨ ਦੀਆਂ ਕਈ ਗਤੀਵਿਧੀਆਂ ਹਨ ਜੋ ਕਿ ਯੂਥ ਕਲੱਬਾਂ ਨੇ ਪ੍ਰਦਰਸ਼ਿਤ ਕਰਨੀਆਂ ਹਨ ਅਤੇ ਉਨ੍ਹਾਂ ਨੂੰ ਇਸ ਅਨੁਸਾਰ ਅੰਕ ਦਿੱਤੇ ਜਾਣਗੇ। ਹਰ 15 ਦਿਨਾਂ ਬਾਅਦ ਕਲੱਬਾਂ ਦੀ ਕਾਰਗੁਜ਼ਾਰੀ ਦਾ ਪ੍ਰਾਪਤ ਅੰਕਾਂ ਦੇ ਆਧਾਰ ਤੇ ਮੁਲਾਂਕਣ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਤੀਵਿਧੀਆਂ ਵਿਚ ਪਿੰਡਾਂ ਦੀ ਸਫ਼ਾਈ, ਨਸ਼ਾ ਵਿਰੋਧੀ ਮੁਹਿੰਮ, ਪੌਦੇ ਲਗਾਉਣਾ ਅਤੇ ਪੌਦਿਆਂ ਦੀ ਸੁਰੱਖਿਆ, ਖੂਨਦਾਨ, ਸਵੇਰ ਦੀ ਸੈਰ, ਝੋਨੇ ਦੀ ਪਰਾਲੀ ਨਾ ਸਾੜਨ, ਪਾਣੀ ਦੀ ਬੱਚਤ, ਸਕੂਲਾਂ ਦੀ ਮੇਨੈਜਮੈਂਟ, ਔਰਤਾਂ ਦੀ ਭਾਗੀਦਾਰੀ, ਪਸ਼ੂਆਂ ਉੱਤੇ ਰਿਫਲੈਕਟਰ, ਸਿਹਤ ਸਬੰਧੀ ਕੈਂਪ, ਖੇਤੀਬਾੜੀ ਜਾਂ ਪਿੰਡਾਂ ਲਈ ਕਿਸੇ ਵੀ ਤਰਾਂ ਦੀਆਂ ਨਵੀਆਂ ਕੋਸ਼ਿਸ਼ਾਂ ਸ਼ਾਮਲ ਹਨ। ਇਨ੍ਹਾਂ ਖੇਤਰਾਂ ਵਿਚ ਚੰਗੀ ਭੂਮਿਕਾ ਨਿਭਾਉਣ ਵਾਲੇ ਸਰਟੀਫਿਕੇਟ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
    ਇਸ ਮੁਕਾਬਲੇ ਵਿਚ ਯੂਥ ਕਲੱਬਾਂ ਨੂੰ ਵਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਅਤੇ ਬਲਾਕ ਪੱਧਰ ਦੇ ਜੇਤੂਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਪਿੰਡਾਂ ਦੇ ਕਲੱਬਾਂ ਨੂੰ ਨਕਦ ਇਨਾਮ ਨਾਲ ਨਿਵਾਜ਼ਿਆ ਜਾਵੇਗਾ ਜਿਹੜੇ ਕਲੱਬ ਪੂਰੇ ਪਿੰਡ ਵਿਚ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣਗੇ।
    ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਨੂੰ ਮਿਲ ਕੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਸਰਗਰਮੀ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਰਪੰਚ ਖੁਦ ਨੌਜਵਾਨ ਹਨ, ਇਸ ਲਈ ਉਹ ਆਸਾਨੀ ਨਾਲ ਯੂਥ ਕਲੱਬਾਂ ਨਾਲ ਮਿਲ ਜਾਣਗੇ।
    ਕੋਆਰਡੀਨੇਟਰ ਮਗਨਰੇਗਾ ਮਾਨਸਾ ਸ੍ਰੀ ਮਨਦੀਪ ਸਿੱਧੂ ਨੇ ਪਾਣੀ ਬਚਾਉਣ ਸਬੰਧੀ ਸੋਕ ਪਿੱਟਾਂ ਦੀ ਵਰਤੋ ਕਰਨ ਬਾਰੇ ਇਕ ਪੇਸ਼ਕਾਰੀ ਵਿਖਾਈ। ਸਵਸਥ ਭਾਰਤ ਪ੍ਰੇਰਕ ਸ੍ਰੀ ਆਦਿੱਤਯ ਮਦਾਨ ਨੇ ਯੂਥ ਕਲੱਬਾਂ ਨੂੰ ਦੱਸਿਆ ਕਿ ਪੋਸ਼ਣ ਅਭਿਆਨ ਵਿਚ ਮਾਨਸਾ ਨੂੰ ਜੋ ਅੰਤਰ ਕੌਮੀ ਪੱਧਰ ਤੇ ਪ੍ਰਾਪਤ ਹੋਇਆ ਹੈ ਉਸ ਦੇ ਆਧਾਰ ਤੇ ਨੌਜਵਾਨ ਕੁਪੋਸ਼ਣ ਵਿਰੁੱਧ ਲੜਨ ਵਿਚ ਮਹੱਤਵਪੂਰਣ ਸਾਬਤ ਹੋ ਸਕਦੇ ਹਨ।


    ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੇਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਦੀ ਸਹਾਇਤਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 402 ਗਰੁੱਪਾਂ ਅਤੇ 640 ਵਿਅਕਤੀਆਂ ਨੂੰ ਸਬਸਿਡੀ ਤੇ ਉਪਰਕਣ ਮੁਹੱਈਆ ਕਰਵਾਏ ਗਏ ਸਨ ਜੋ ਝੋਨੇ ਦੀ ਪਰਾਲ ਪ੍ਰਬੰਧਨ ਵਿਚ ਸਹਾਇਤਾ ਕਰਦੇ ਹਨ। ਉਨ੍ਹਾਂ ਯੂਥ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਪਿੰਡਾਂ ਅਤੇ ਆਸਪਾਸ ਕੋਈ ਵੀ ਪਰਾਲੀ ਨਾ ਸਾੜੇ।
    ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ  ਸ੍ਰੀ ਰਘਬੀਰ ਸਿੰਘ ਮਾਨ, ਸਹਾਇਕ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ, ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਸ੍ਰੀ ਸਰਬਜੀਤ ਸਿੰਘ ਬੇਦੀ, ਪ੍ਰਬੰਧਨ ਅਫ਼ਸਰ ਨਹਿਰੂ ਯੁਵਾ ਕੇਂਦਰ ਸ੍ਰੀ ਸੰਦੀਪ ਘੰਡ ਮੌਜੂਦ ਸਨ।

LEAVE A REPLY

Please enter your comment!
Please enter your name here