ਤੰਦਰੁਸਤ ਪੰਜਾਬ ਸਬੰਧੀ ਡਿਪਟੀ ਕਮਿਸ਼ਨਰ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ

0
4

ਮਾਨਸਾ, 09 ਜੂਨ (ਸਾਰਾ ਯਹਾ) : ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਤੰਦਰੁਸਤ ਪੰਜਾਬ ਤਹਿਤ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਚੰਗਾ ਵਾਤਾਵਰਣ, ਮਿਲਾਵਟ ਰਹਿਤ ਖਾਣ-ਪੀਣ ਤੰਦਰੁਸਤ ਸਿਹਤ ਲਈ ਜ਼ਰੂਰੀ ਹਨ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਉਨ੍ਹਾਂ ਵੱਲੋਂ ਜੋ ਵੀ ਗਤੀਵਿਧੀਆਂ ਕੀਤੀਆਂ ਜਾਣੀਆਂ ਹਨ, ਉਨ੍ਹਾਂ ਦਾ ਮਾਰਚ 2019 ਤੱਕ ਦਾ ਪੂਰਾ ਸ਼ਡਿਊਲ ਤਿਆਰ ਕਰ ਕੇ ਜਲਦੀ ਰਿਪੋਰਟ ਜਮ੍ਹਾ ਕਰਵਾਈ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਕਿਹਾ ਕਿ ਸਿਹਤ ਸਹੂਲਤਾਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਦਾ ਚੈਕਅੱਪ ਕਰਨ ਲਈ ਕੈਂਪ ਲਗਾਏ ਜਾਣ। ਉਨ੍ਹਾਂ ਨਾਲ ਹੀ ਕਿਹਾ ਕਿ ਟੀਮਾਂ ਬਣਾ ਕੇ ਕੈਮਿਸਟ ਦੀਆਂ ਦੁਕਾਨਾਂ ਦੀ ਚੈਕਿੰਗ ਕਰਨੀ ਵੀ ਯਕੀਨੀ ਬਣਾਈ ਜਾਵੇ।
ਸ਼੍ਰੀ ਧਾਲੀਵਾਲ ਨੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਕਿਹਾ ਕਿ ਹਰੇਕ ਘਰ ਤੱਕ ਸਾਫ਼ ਪਾਣੀ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਸਬੰਧੀ ਪਿੰਡਾਂ ਦੀਆਂ ਪੰਚਾਇਤਾਂ ਤੋਂ ਸਰਟੀਫਿਕੇਟ ਲਏ ਜਾਣ ਕਿ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਸਬੰਧੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਈਪਾਂ ਦੀ ਲੀਕੇਜ਼ ਦਾ ਖਾਸ ਧਿਆਨ ਰੱਖਿਆ ਜਾਵੇ, ਤਾਂ ਜੋ ਲੋਕਾਂ ਨੂੰ ਪੀਣ ਵਾਲੇ ਪਾਣੀ ਸਬੰਧੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਸਵੱਛਤਾ ਨਿਗਰਾਨ ਕਮੇਟੀਆਂ ਰਾਹੀਂ ਲੋਕਾਂ ਨੂੰ ਖੁਲ੍ਹੇ ਵਿੱਚ ਸ਼ੋਚ ਨਾ ਕਰਨ ਸਬੰਧੀ ਜਾਗਰੂਕ ਕੀਤਾ ਜਾਵੇ, ਜਿਸ ਲਈ ਪਿੰਡਾਂ ਵਿੱਚ ਕੈਂਪ ਲਗਾਏ ਜਾਣ।
ਵਣ ਵਿਭਾਗ ਨੂੰ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪੌਦੇ ਲਗਾਉਣ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਅਤੇ ਮਿੱਥੇ ਟਾਰਗੇਟ ਅਨੁਸਾਰ ਪੌਦੇ ਲਗਾਉਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਭਾਗਾਂ ਨੇ ਪੌਦਿਆਂ ਦੀ ਮੰਗ ਕੀਤੀ ਹੈ, ਉਹ ਵੀ ਆਪਣਾ ਸ਼ਡਿਊਲ ਬਣਾ ਕੇ ਭੇਜਣ ਕਿ ਪੌਦੇ ਕਿੱਥੇ-ਕਿੱਥੇ ਲਗਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡਾਂ ਦੇ ਘਰਾਂ ਵਿੱਚ ਪੌਦੇ ਲਗਾਉਣ ਸਬੰਧੀ ਵੀ ਪਿੰਡਾਂ ਦੀਆਂ ਪੰਚਾਇਤਾਂ ਤੋਂ ਡਿਮਾਂਡ ਪ੍ਰਾਪਤ ਕਰਕੇ ਪੌਦੇ ਸਪਲਾਈ ਕੀਤੇ ਜਾਣ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਛੱਪੜਾਂ ਦੀ ਸਾਫ਼-ਸਫਾਈ ਵਿੱਚ ਤੇਜ਼ੀ ਲਿਆਈ ਜਾਵੇ। ਉਨ੍ਹਾਂ ਕਾਰਜ ਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਬਜ਼ਾਰਾਂ ਵਿੱਚ ਵੀ ਟੁਆਲਿਟਸ ਬਣਾਏ ਜਾਣ ਅਤੇ ਇਸ ਸਬੰਧੀ ਲੋਕਾਂ ਦੇ ਸੁਝਾਅ ਲੈ ਕੇ ਛੇਤੀ ਤੋਂ ਛੇਤੀ ਇਹ ਕੰਮ ਮੁਕੰਮਲ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੜਕਾਂ ‘ਤੇ ਸਾਈਨ ਬੋਰਡ ਲਗਾਏ ਜਾਣ ਕਿ ਇਹ ਸੜਕ ਵਨ ਵੇਅ ਹੈ ਜਾਂ ਟੂ ਵੇਅ ਹੈ, ਤਾਂ ਜੋ ਲੋਕ ਉਸੇ ਤਰ੍ਹਾਂ ਨਾਲ ਸੜਕ ਦਾ ਇਸਤੇਮਾਲ ਕਰਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਸ਼੍ਰੀ ਗੁਰਸਿਮਰਨ ਸਿੰਘ, ਸਹਾਇਕ ਕਮਿਸ਼ਨਰ (ਜ) ਸ਼੍ਰੀ ਓਮ ਪ੍ਰਕਾਸ਼, ਡੀ.ਐਸ.ਪੀ. ਸ਼੍ਰੀ ਸੁਖਦਰਸ਼ਨ ਸਿੰਘ ਅਤੇ ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।


EDITED BY : SARA YAHA | | Last Updated :9 June 2018

LEAVE A REPLY

Please enter your comment!
Please enter your name here