

ਬਠਿੰਡਾ: ਪੰਜਾਬ ‘ਚ ਨਸ਼ੇ ਦਾ ਕਾਰੋਬਾਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਸੂਬੇ ਵਿੱਚੋਂ ਨਸ਼ਾ ਤਸੱਕਰ ਦੀ ਗ੍ਰਿਫਤਾਰੀ ਤੇ ਨਸ਼ੇ ਨਾਲ ਮੌਤ ਦੀ ਕੋਈ ਨਾ ਕੋਈ ਖ਼ਬਰ ਸਾਹਮਣੇ ਆ ਹੀ ਜਾਂਦੀ ਹੈ। ਹੁਣ ਖ਼ਬਰ ਸਾਹਮਣੇ ਆਈ ਹੈ ਨਸ਼ਾ ਛੁਡਾਊ ਕੇਂਦਰਾਂ ਨਾਲ ਜੁੜੇ ਦਿਲ ਦਹਿਲਾਉਣ ਵਾਲੇ ਸੱਚ ਦੀ। ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿੱਚ ਗੈਰ ਮਿਆਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਤੱਕ 18 ਕੇਂਦਰਾਂ ‘ਚ ਦਵਾਈਆਂ ਦੇ ਸੈਂਪਲ ਫੇਲ੍ਹ ਹੋ ਗਏ ਹਨ। ਇਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚੋਂ 2018 ‘ਚ ਦਵਾਈਆਂ ਦੇ ਸੈਂਪਲ ਲਏ ਗਏ ਸੀ। ਉਹ ਵੀ ਸਹੀ ਨਹੀਂ ਪਾਏ ਗਏ। ਇਸ ਤੋਂ ਬਾਅਦ ਡਾਇਰੈਕਟਰ ਹੈਲਥ ਐਂਡ ਸਰਵਿਸ ਵੱਲੋਂ ਉਨ੍ਹਾਂ ਦਾ ਲਾਈਸੈਂਸ ਵੀ ਸਸਪੈਂਡ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।
ਇਸ ਪੂਰੇ ਮਾਮਲੇ ‘ਤੇ ਸਿਵਲ ਸਰਜਨ ਡਾਕਟਰ ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ‘ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਤੋਂ ਦਵਾਈਆਂ ਦੇ ਸੈਂਪਲ 2018 ‘ਚ ਲਏ ਗਏ। ਇਸ ਤੋਂ ਬਾਅਦ ਲਾਈਸੈਂਸ ਸਸਪੈਂਡ ਹੋਣ ਤੋਂ ਬਾਅਦ ਉਨ੍ਹਾਂ ਨੂੰ 15 ਦਿਨਾਂ ‘ਚ ਜਵਾਬ ਦੇਣ ਲਈ ਕਿਹਾ ਗਿਆ।
ਇਸ ‘ਤੇ ਜੇਕਰ ਉਹ ਸਹੀ ਤਰੀਕੇ ਨਾਲ ਜਵਾਬ ਪੇਸ਼ ਕਰਦੇ ਹਨ ਤਾਂ ਠੀਕ ਨਹੀਂ ਤਾਂ ਹਸਪਤਾਲ ‘ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦੀ ਦੁਕਾਨ ਦਾ ਲਾਈਸੈਂਸ ਰੱਦ ਕਰ ਦਿੱਤਾ ਜਾਵੇਗਾ। ਫਿਲਹਾਲ ਸਰਕਾਰ ਵੱਲੋਂ ਇੱਕ ਹਸਪਤਾਲ ਦੀ ਰਿਪੋਰਟ ਹੀ ਸਾਹਮਣੇ ਆਈ ਹੈ।























