

ਮਾਨਸਾ, 5 ਜੂਨ – ਰਾਸ਼ਟਰੀ ਕਿਸਾਨ ਮਹਾਂਸੰਘ ਵੱਲੋਂ ਦਿੱਤੀ 10 ਦਿਨਾਂ ‘ਪਿੰਡ ਬੰਦ’ ਦੀ ਕਾਲ ਦਾ ਕੇਂਦਰ ਸਰਕਾਰ ਤੇ ਕੋਈ ਅਸਰ ਨਹੀ ਪਿਆ ਸਗੋਂ ਇਸ ਕਿਸਾਨ ਅੰਦੋਲਨ ਦੌਰਾਂਨ ਕਿਸਾਨ ਜਥੇਬੰਦੀਆਂ ਅਤੇ ਪਿੰਡਾਂ ‘ਚ ਦੁੱਧ ਵੇਚਣ ਦਾ ਧੰਦਾ ਕਰਨ ਵਾਲੇ ਗਰੀਬ ਕਿਸਾਨਾਂ ਅਤੇ ਸਬਜ਼ੀ ਵਪਾਰੀਆਂ ਵਿਚਕਾਰ ਰੋਕਾਂ ਲਾਉਣ ਵੇਲੇ ਟਕਰਾਅ ਵਾਲੀ ਸਥਿਤੀ ਬਣੀ ਰਹੀ। ਅਜਿਹੇ ਟਕਰਾਅ ਨੂੰ ਦੇਖਦਿਆ ਕਿਸਾਨ ਮਹਾਂਸੰਘ ਨੂੰ 10 ਜੂਨ ਦੀ ਬਿਜਾਏ ਕਿਸਾਨ ਅੰਦੋਲਨ 6 ਜੂਨ ਤੱਕ ਸੀਮਿਤ ਰੱਖਣ ਦਾ ਫੈਸਲਾ ਲੈਣਾ ਪਿਆ। ਰਾਸ਼ਟਰੀਆ ਕਿਸਾਨ ਮਹਾਂ ਸੰਘ ਦੇ ਸੱਦੇ ਪਿੰਡ ਬੰਦ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਦੁੱਧ ਅਤੇ ਸ਼ਬਜੀਆਂ ਨੂੰ ਪਿੰਡਾਂ ਤੋ ਸ਼ਹਿਰ ਵੱਲ ਆਉਣ ਤੋ ਰੋਕ ਲਾਉਣ ਲਈ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਗਈ। ਰਮਦਿੱਤੇਵਾਲਾ ਕੈਚੀਂਆ, ਖੋਖਰ ਰੇਲਵੇ ਫਾਟਕ ਅਤੇ ਪੁੱਲ ਕੋਲ , ਠੂਠਿਆਂਵਾਲੀ ਰੋਡ, ਤਾਮਕੋਟ ਕੈਚੀਂਆਂ ਆਦਿ ਮਾਨਸਾ ਜ਼ਿਲੇ ਅੰਦਰ ਬਹੁਤ ਸਾਰੇ ਪਿੰਡਾਂ ‘ਚ ਨਾਕਬੰਦੀ ਕੀਤੀ। ਇਸ ਸਮੇਂ ਨਾਕਾ ਰਮਦਿੱਤੇਵਾਲਾ ਤੋਂ ਆ ਰਹੇ ਕਿਸਾਨ ਆਗੂ ਹਰਦੇਵ ਸਿੰਘ ਕੋਠੇ ਅਸਪਾਲ ਨੂੰ ਪੁਲਿਸ ਪਾਰਟੀ ਗ੍ਰਿਫਤਾਰ ਕਰਕੇ ਚੌਕੀ ਰਮਦਿੱਤੇਵਾਲਾ ਲੈ ਗਈ ਪ੍ਰੰਤੂ ਪੁੱਛ ਗਿੱਛ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ । ਇਕ ਹੋਰ ਘਟਨਾ ‘ਚ ਸ਼ਬਜੀ ਮੰਡੀ ਵਾਲੇ ਧਰਨੇ ਤੇ ਕਿਸਾਨ ਆਗੂਆਂ ਅਤੇ ਸਬਜੀ ਆੜ੍ਹਤੀਆਂ ‘ਚ ਤਕਰਾਰਬਾਜੀ ਸਮੇਂ ਸਬਜੀ ਮੰਡੀ ਦੇ ਬਾਹਰ ਥਾਣਾ ਸਿਟੀ-1 ਪੁਲਿਸ ਦੀ ਪਾਰਟੀ ਵੱਲੋਂ ਕਿਸਾਨ ਆਗੂ ਅਜੈਬ ਸਿੰਘ ਸਾਹਨੇਵਾਲੀ ਨੂੰ ਸਾਥੀਆਂ ਸਮੇਤ ਚੁੱਕ ਕੇ ਥਾਣਾ ਸਿਟੀ ਵਿੱਚ ਲੈ ਗਏ ਸੀ ਪ੍ਰੰਤੂ ਬਾਅਦ ਦੁਪਹਿਰ ਇਹਨਾਂ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬੋਘ ਸਿੰਘ ਮਾਨਸਾ ਨੇ ਦੱਸਿਆ ਕਿ ਲੰਘੇ ਦਿਨੀ ਮਦਸੌਰ (ਮੱਧ ਪ੍ਰਦੇਸ਼) ਵਿਖੇ ਕਿਸਾਨ ਅੰਦੋਲਨ ਦੇ ਸ਼ਹੀਦ 6 ਕਿਸਾਨਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ 6 ਜੂਨ ਨੂੰ ਜਥੇਬੰਦੀ ਵੱਲੋਂ ਡੀ.ਸੀ. ਦਫ਼ਤਰ ਮਾਨਸਾ ਅੱਗੇ ਇੱਕਠੇ ਹੋ ਕੇ ਰੋਸ ਜ਼ਾਹਰ ਕੀਤਾ ਜਾਵੇਗਾ।






















