

ਮਾਨਸਾ, 20 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : ਮਾਲ ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਸਦਭਾਵਨਾ ਦਿਵਸ ਮੌਕੇ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਜਿਸ ਤਹਿਤ 5 ਲੱਖ ਰੁਪਏ ਤੱਕ ਦਾ ਇਲਾਜ਼ ਮੁਫ਼ਤ ਕੀਤਾ ਜਾਵੇਗਾ। ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੇ ਜਨਮ ਦਿਨ, ਜਿਸ ਨੂੰ ਸਦਭਾਵਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ, ਮੌਕੇ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬਾ ਪੱਧਰ ਤੇ ਇਸ ਦੀ ਸ਼ੁਰੂਆਤ ਮੋਹਾਲੀ ਵਿਖੇ ਕੀਤੀ ਗਈ ਜਿਸ ਦਾ ਲਾਈਵ ਪ੍ਰਸਾਰਣ ਬੱਚਤ ਭਵਨ ਮਾਨਸਾ ਵਿਖੇ ਵਿਖਾਇਆ ਗਿਆ। ਮੋਹਾਲੀ ਦੇ ਸਮਾਗਮ ਤੋਂ ਬਾਅਦ ਮਾਨਸਾ ਵਿਖੇ ਮੰਤਰੀ ਸ੍ਰੀ ਕਾਂਗੜ ਨੇ ਇਹ ਸਕੀਮ ਦੀ ਸ਼ੁਰੂਆਤ ਮਾਨਸਾ ਵਾਸੀਆਂ ਲਈ ਕੀਤੀ, ਜਿਸ ਤਹਿਤ ਜ਼ਿਲ੍ਹੇ ਦੇ 1.40 ਲੱਖ ਪਰਿਵਾਰਾਂ ਦੇ 7 ਲੱਖ ਮੈਂਬਰਾਂ ਨੂੰ ਸਰਕਾਰੀ ਅਤੇ ਸੂਚੀਬੱਧ ਗੈਰਸਰਕਾਰੀ

ਹਸਪਤਾਲਾਂ ਵਿਚ ਮੁਫ਼ਤ ਇਲਾਜ਼ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸੁਵਿਧਾ ਜ਼ਿ੍ਹਲਾ ਮਾਨਸਾ ਦੇ 6 ਸਰਕਾਰੀ ਅਤੇ 4 ਗੈਰ ਸਰਕਾਰੀ ਸੂਚੀਬੱਧ ਹਸਪਤਾਲਾਂ ਵਿਚ ਦਿੱਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿਚ ਹੋਰ ਗੈਰ ਸਰਕਾਰੀ ਹਸਪਤਾਲਾਂ ਨੂੰ ਵੀ ਇਸ ਸਕੀਮ ਅਧੀਨ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਲੋੜਵੰਦ ਬਿਨਾਂ ਇਲਾਜ਼ ਦੇ ਨਾ ਰਹਿ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 1396 ਬਿਮਾਰੀਆਂ ਦਾ ਇਲਾਜ਼ ਮੁਫ਼ਤ ਕੀਤਾ ਜਾਵੇਗਾ। ਕੋਈ ਵੀ ਲੋੜਵੰਦ ਵਿਅਕਤੀ ਸਕੀਮ ਦੀਆਂ ਲਿਸਟਾਂ ਵਿਚ ਆਪਣਾ ਨਾਮ ਵੇਖਣ ਲਈ ਕਾਮਨ ਸਰਵਿਸ ਸੈਂਟਰ ਵਿਖੇ ਜਾ ਸਕਦਾ ਹੈ। ਜ਼ਿਲ੍ਹਾ ਮਾਨਸਾ ਵਿਚ 103 ਕਾਮਨ ਸਰਵਿਸ ਸੈਂਟਰ ਸਥਾਪਿਤ ਕੀਤੇ ਗਏ ਹਨ ਜਿੱਥੇ ਲਾਭਪਾਤਰੀ ਆਪਣਾ ਨਾਮ ਲਿਸਟ ਵਿਚ ਵੇਖ ਕੇ ਸਕੀਮ ਸਬੰਧੀ ਆਪਣਾ ਸਮਾਰਟ ਕਾਰਡ ਜਾਰੀ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਹਾ ਲੈਣ ਲਈ ਕੋਈ ਵੀ ਲੋੜਵੰਦ ਸਰਕਾਰੀ ਜਾਂ ਗੈਰ ਸਰਕਾਰੀ ਸੂਚੀਬੱਧ ਹਸਪਤਾਲ ਵਿਖੇ ਜਾ ਕੇ ਸਰਕਾਰ ਵੱਲੋਂ ਖਾਸ ਇਸ ਸਕੀਮ ਲਈ ਤਾਇਨਾਤ ਕੀਤੇ ਗਏ ਆਰੋਗਿਆ ਮਿੱਤਰ ਨੂੰ ਮਿਲ ਸਕਦਾ ਹੈ। ਇਸ ਆਰੋਗਿਆ ਮਿੱਤਰ ਕੋਲ ਲਾਭਪਾਤਰੀਆਂ ਦੀਆਂ ਲਿਸਟਾਂ ਅਤੇ ਸਕੀਮ ਸਬੰਧੀ ਪੂਰੀ ਜਾਣਕਾਰੀ ਉਪਲਬਧ ਹੈ।

ਅੱਜ ਮੁੱਖ ਮਹਿਮਾਨ ਸ੍ਰੀ ਗੁਰਪ੍ਰੀਤ ਕਾਂਗੜ ਨੇ ਇਸ ਸਕੀਮ ਦੇ ਤਿੰਨ ਲਾਭਪਾਤਰੀਆਂ ਨੂੰ ਸਮਾਰਟ ਕਾਰਡਾਂ ਦੀ ਵੰਡ ਕੀਤੀ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਇਹ ਸਕੀਮ ਉਨ੍ਹਾਂ ਲੋੜਵੰਦਾਂ ਲਈ ਬਹੁਤ ਹੀ ਲਾਹੇਵੰਦ ਹੈ ਜੋ ਆਪਣੇ ਅਤੇ ਆਪਣੇ ਪਰਿਵਾਰ ਲਈ ਇਲਾਜ਼ ਤੇ ਪੈਸਾ ਖਰਚਣ ਲਈ ਅਸਮਰਥ ਹਨ। ਉਨ੍ਹਾਂ ਕਿਹਾ ਕਿ ਲਾਭਪਾਤਰੀ ਪਰਿਵਾਰਾਂ ਵੱਲੋਂ ਨਵੇਂ ਪਰਿਵਾਰਕ ਮੈਂਬਰਾਂ ਦੇ ਨਾਮ ਵੀ ਲਿਸਟ ਵਿਚ ਸ਼ਾਮਿਲ ਕੀਤੇ ਜਾ ਸਕਦੇ ਹਨ ਜਿਸ ਲਈ ਲਾਭਪਾਤਰੀ ਲੋੜੀਂਦੇ ਦਸਤਾਵੇਜ਼ ਲੈ ਕੇ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਂਟਰ ਵਿਖੇ ਜਾ ਸਕਦਾ ਹੈ।
ਇਸ ਮੌਕੇ ਵਿਧਾਇਕ ਸ੍ਰੀ ਨਾਜਰ ਸਿੰਘ ਮਾਨਸ਼ਾਹੀਆ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਨਰਿੰਦਰ ਭਾਰਗਵ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਸਹਾਇਕ ਕਮਿਸ਼ਨਰ ਸ੍ਰੀ ਨਵਦੀਪ ਕੁਮਾਰ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਕਾਂਗਰਸੀ ਆਗੂ ਸ੍ਰੀਮਤੀ ਮਨੋਜ ਬਾਲਾ, ਸਾਬਕਾ ਡਿਪਟੀ ਸਪੀਕਰ ਸ੍ਰੀ ਜਸਵੰਤ ਸਿੰਘ ਫਫੜੇ, ਸਾਬਕਾ ਵਿਧਾਇਕ ਸ੍ਰੀ ਅਜੀਤ ਇੰਦਰ ਸਿੰਘ ਮੋਫ਼ਰ, ਸਮਾਗਮ ਦੇ ਨੋਡਲ ਅਫ਼ਸਰ ਡਾ. ਰਣਜੀਤ ਰਾਏ ਮੌਜੂਦ ਸਨ।























