

ਮਾਨਸਾ,20 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : ਭਾਰਤ ਚੋਣ ਕਮਿਸ਼ਨ ਵੱਲੋੋਂ ਯੋਗਤਾ 01 ਜਨਵਰੀ 2020 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਦੇ ਪ੍ਰੋਗਰਾਮ ਤੋਂ ਜਾਣੂ ਕਰਵਾਉਣ ਲਈ ਅੱਜ ਮਿਤੀ 20 ਅਗਸਤ 2019 ਨੂੰ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਰਾਜਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਅਤੇ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਮਿਤੀ 01 ਸਤੰਬਰ 2019 ਤੋਂ 30 ਸਤੰਬਰ 2019 ਤੱਕ ਹਰੇਕ ਵੋਟਰ ਵੱਲੋਂ ਆਪਣੀ ਵੋਟ ਦੀ ਵੈਰੀਫਿਕੇਸ਼ਨ ਕੀਤੀ ਜਾਣੀ ਹੈ। ਇਹ ਪੜਤਾਲ ਮੋਬਾਇਲ ਐਪ ਵੋਟਰ ਹੈਲਪਲਾਈਨ, ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾਂ ਕਾਮਨ ਸਰਵਿਸ ਸੈਂਟਰ ਰਾਹੀਂ ਕੀਤੀ ਜਾ ਸਕਦੀ ਹੈ। ਵੈਰੀਫਿਕੇਸ਼ਨ ਦੌਰਾਨ ਜੇਕਰ ਕਿਸੇ ਵੋਟਰ ਦੇ ਵੇਰਵਿਆਂ ਵਿੱਚ ਤਬਦੀਲੀ ਦੀ ਲੋੜ ਹੈ ਤਾਂ ਫਾਰਮ ਨੰਬਰ 8 ਜਾਂ ਕਿਸੇ ਵੋਟਰ ਦੀ ਰਿਹਾਇਸ਼ ਨਾ ਹੋਣ ਕਾਰਨ ਜਾਂ ਮੌਤ ਹੋ ਜਾਣ ਕਾਰਨ ਵੋਟ ਕੱਟਣ ਦੀ ਲੋੜ ਹੈ ਤਾਂ ਫਾਰਮ ਨੰਬਰ 7 ਭਰਿਆ ਜਾਵੇ। ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਅਤੇ ਪ੍ਰਵਾਸੀ ਭਾਰਤੀਆਂ ਦੀ ਵੋਟ ਦਰਜ ਕਰਨ ਲਈ ਫਾਰਮ ਨੰਬਰ 6 ਏ ਭਰਿਆ ਜਾਵੇ।
ਉਹਨਾਂ ਦੱਸਿਆ ਕਿ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਦੇ ਨਾਲ ਨਾਲ ਬੂਥ ਲੈਵਲ ਅਫ਼ਸਰ ਵੀ ਘਰ ਘਰ ਜਾ ਕੇ ਵੋਟਰ ਸੂਚੀ ਦੇ ਵੇਰਵਿਆਂ ਦੀ ਪੜਤਾਲ ਕਰਨਗੇ। ਜੇਕਰ ਕਿਸੇ ਵੋਟਰ ਦੇ ਇੰਦਰਾਜ ਵਿੱਚ ਦਰੁਸਤੀ ਦੀ ਲੋੜ ਹੈ ਜਾਂ ਵੋਟ ਕੱਟੀ ਜਾਣੀ ਹੈ ਤਾਂ ਪਰਿਵਾਰਿਕ ਮੈਂਬਰਾਂ ਪਾਸੋਂ ਸਬੰਧਤ ਫਾਰਮ ਭਰਵਾਉਣਗੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਯੋਗਤਾ ਮਿਤੀ 01 ਜਨਵਰੀ 2020 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 15 ਅਕਤੂਬਰ 2019 ਨੂੰ ਕੀਤੀ ਜਾਵੇਗੀ ਅਤੇ ਦਾਅਵੇ, ਇਤਰਾਜ ਮਿਤੀ 15 ਅਕਤੂਬਰ 2019 ਤੋਂ 30 ਨਵੰਬਰ 2019 ਤੱਕ ਦਾਖਲ ਕੀਤੇ ਜਾ ਸਕਦੇ ਹਨ। ਸਪੈਸ਼ਲ ਮੁਹਿੰਮ ਦੌਰਾਨ ਮਿਤੀ 02 ਅਤੇ 03 ਨਵੰਬਰ 2019 ਅਤੇ 09 ਅਤੇ 10 ਨਵੰਬਰ 2019 ਨੂੰ ਬੂਥ ਲੈਵਲ ਅਫ਼ਸਰ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਤੇ ਦਾਅਵੇ,ਇਤਰਾਜ ਪ੍ਰਾਪਤ ਕਰਨਗੇ। ਦਾਅਵੇ, ਇਤਰਾਜਾਂ ਦਾ ਨਿਪਟਾਰਾ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਵੱਲੋਂ 15 ਦਸੰਬਰ 2019 ਤੱਕ ਕੀਤਾ ਜਾਵੇਗਾ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਜਨਵਰੀ 2020 ਵਿੱਚ ਕੀਤੀ ਜਾਵੇਗੀ।
ਉਹਨਾਂ ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਨੂੰ ਬੂਥ ਲੈਵਲ ਅਫਸਰ ਅਤੇ ਸੁਪਰਵਾਈਜ਼ਰੀ ਅਫਸਰਾਂ ਦੀਆਂ ਲਿਸਟਾਂ ਅਪਡੇਟ ਕਰਨ ਲਈ ਕਿਹਾ ਅਤੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪ੍ਰੋਗਰਾਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਅਤੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ., ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿੱਤਯ ਢੱਚਵਾਲ, ਚੋਣ ਤਹਿਸੀਲਦਾਰ ਸ੍ਰੀ ਗੁਰਚਰਨ ਸਿੰਘ, ਚੋਣ ਕਾਨੂੰਗੋ ਸ੍ਰੀ ਭੂਸ਼ਣ ਕੁਮਾਰ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।























