ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਸਭ ਧਿਰਾਂ ਨੂੰ ਸਾਂਤੀ ਬਣਾਈ ਰੱਖਣ ਦੀ ਅਪੀਲ

0
77

ਮਾਨਸਾ, 6 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : ਜ਼ਿਲ੍ਹਾ ਪੀਸ ਕਮੇਟੀ ਦੀ ਬੈਠਕ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਭ ਧਿਰਾਂ ਨੇ ਜ਼ਿਲ੍ਹੇ ਵਿਚ ਅਮਨ ਸਾਂਤੀ ਤੇ ਭਾਈਚਾਰਕ ਸਾਂਝ ਬਣਾਏ ਰੱਖਣ ਦਾ ਸਕੰਲਪ ਲਿਆ। ਇਸ ਮੌਕੇ ਜ਼ਿਲ੍ਹੇ ਦੇ ਐਸ.ਐਸ.ਪੀ. ਸ੍ਰੀ ਨਰਿੰਦਰ ਭਾਰਗਵ ਵੀ ਮੌਜੂਦ ਸਨ।

          ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਭਾਈਚਾਰਿਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰ ਸਬੰਧੀ ਤਾਜਾ ਸਥਿਤੀ ਅਤੇ ਪੰਜਾਬ ਦੇ ਗੁਆਂਢ ਵਿਚ ਪਾਕਿਸਤਾਨ ਵਰਗੇ ਮੁਲਕ ਦੇ ਹੋਣ ਦੇ ਮੱਦੇਨਜ਼ਰ ਆਪਸੀ ਸਦਭਾਵਨਾ ਬਣਾਈ ਰੱਖਣ ਅਤੇ ਕੋਈ ਵੀ ਧਿਰ ਇਸ ਸਬੰਧੀ ਜਸ਼ਨ ਮਨਾਉਣ ਜਾਂ ਵਿਰੋਧ ਪ੍ਰਗਟ ਕਰਨ ਤੋਂ ਗੁਰੇਜ ਕਰੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਪੂਰੀ ਤਰਾਂ ਨਾਲ ਮੁਸਤੈਦ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿਚ ਅਮਨ ਸਾਂਤੀ ਬਣਾਈ ਰੱਖਣ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਅਤੇ ਕਿਸੇ ਨੂੰ ਵੀ ਅਮਨ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

         ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਂਤੀ ਬਣਾਈ ਰੱਖਣਾ ਹੀ ਸਾਡੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਤੋਂ ਮੁੜ ਰਹੇ ਯਾਤਰੀਆਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਜਾਵੇ ਅਤੇ ਜੇਕਰ ਕੋਈ ਕਸ਼ਮੀਰੀ ਵਿਦਿਆਰਥੀ ਸਾਡੇ ਜ਼ਿਲ੍ਹੇ ਵਿਚ ਹੋਵੇਗਾ ਤਾਂ ਉਸ ਨੂੰ ਵੀ ਸੁਰੱਖਿਆ ਦਿੱਤੀ ਜਾਵੇਗੀ।

ਇਸ ਮੌਕੇ ਐਸ.ਐਸ.ਪੀ. ਸ੍ਰੀ ਨਰਿੰਦਰ ਭਾਰਗਵ ਨੇ ਕਿਹਾ ਕਿ ਪੁਲਿਸ ਪ੍ਰਸਾਸ਼ਨ ਪੂਰੀ ਤਰਾਂ ਚੌਕਸ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕ ਅਮਨ ਸਾਂਤੀ ਬਣਾਈ ਰੱਖਣ ਲਈ ਸਹਿਯੋਗ ਕਰਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਕਿਤੇ ਵਿਖਾਈ ਦੇਵੇ ਤਾਂ ਤੁਰੰਤ ਪੁਲਿਸ ਸੂਚਿਤ ਕੀਤਾ ਜਾਵੇ।

          ਬੈਠਕ ਵਿਚ ਹੋਰਨਾਂ ਤੋਂ ਇਲਾਵਾ ਐਸ.ਪੀ.(ਐਚ) ਸ੍ਰੀ ਮੇਜਰ ਸਿੰਘ, ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਮੰਜੂ ਬਾਂਸਲ, ਸ੍ਰੀ ਜਸਪਾਲ ਸਿੰਘ ਦਾਤੇਵਾਸ (ਆਮ ਆਦਮੀ ਪਾਰਟੀ), ਸ੍ਰੀ ਕ੍ਰਿਸ਼ਨ ਚੌਹਾਨ (ਕਮਿਊਨਿਸਟ ਪਾਰਟੀ), ਸ੍ਰੀ ਕੁਲਦੀਪ ਸਿੰਘ (ਬੀ.ਐਸ.ਪੀ), ਸੈਕਟਰੀ ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਮਾਨਸਾ ਸ੍ਰੀ ਗੁਰਦਾਸ ਸਿੰਘ ਮਾਨ, ਪ੍ਰਧਾਨ ਆੜ੍ਹਤੀਆ ਐਸੋਸ਼ੀਏਸ਼ਨ ਸ੍ਰੀ ਮੁਨੀਸ਼ ਬੱਬੀ ਦਾਨੇਵਾਲੀਆ, ਪ੍ਰਧਾਨ ਕਰਿਆਨਾ ਐਸੋਸ਼ੀਏਸ਼ਨ ਸ੍ਰੀ ਸੁਰੇਸ਼ ਨੰਦਗੜ੍ਹੀਆ, ਪ੍ਰਧਾਨ ਬਾਰ ਐਸੋਸ਼ੀਏਸ਼ਨ ਸ੍ਰੀ ਗੁਰਪ੍ਰੀਤ ਸਿੰਘ ਸਿੱਧੂ, ਸ੍ਰੀ ਰੁਲਦੂ ਸਿੰਘ (ਪੰਜਾਬ ਕਿਸਾਨ ਯੂਨੀਅਨ), ਮੁਸਲਿਮ ਭਾਈਚਾਰਾ ਹੰਸਰਾਜ ਮੋਫ਼ਰੀਆ, ਮੋਨੂ ਦਾਨੇਵਾਲੀਆ (ਗਊਸ਼ਾਲਾ ਮਾਨਸਾ), ਰਮੇਸ਼ ਕੁਮਾਰ ਮਹੇਸ਼ੀ, ਅਸ਼ੋਕ ਲਾਲੀ, ਅਰੁਣ ਕੁਮਾਰ ਭੰਮੇ ਮੌਜੂਦ ਸਨ।

ਬਾਕਸ ਲਈ ਪ੍ਰਸਤਾਵਿਤ

ਅਫ਼ਵਾਹਾਂ ਤੋਂ ਰਹੋ ਸਾਵਧਾਨ

ਬੈਠਕ ਦੌਰਾਨ ਐਸ.ਐਸ.ਪੀ. ਸ: ਮਨਜੀਤ ਸਿੰਘ ਢੇਸੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਸਾਵਧਾਨ ਰਹਿਣ। ਉਨ੍ਹਾਂ ਨੇ ਅਪੀਲ ਕੀਤੀ ਕਿ ਸ਼ੋਸ਼ਲ ਮੀਡੀਆ ਤੇ ਕੋਈ ਵੀ ਭੜਕਾਊ ਜਾਂ ਅਜਿਹਾ ਸੁਨੇਹਾ ਨਾ ਪਾਇਆ ਜਾਵੇ ਜਿਸ ਨਾਲ ਵੱਖ ਵੱਖ ਫਿਰਕਿਆਂ ਵਿਚ ਨਫਰਤ ਪੈਦਾ ਹੁੰਦੀ ਹੋਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਸੋਸ਼ਲ ਮੀਡੀਆ ਤੇ ਕੋਈ ਭੜਕਾਊ ਪੋਸਟ ਪਾਈ ਤਾਂ ਪੁਲਿਸ ਵੱਲੋਂ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।



LEAVE A REPLY

Please enter your comment!
Please enter your name here