ਪਿੰਡ ਅਸਪਾਲ ‘ਚ ਪਿਛਲੇ ਤਿੰਨ ਸਾਲ ਤੋਂ ਚਲਾਏ ਜਾ ਰਹੇ ਪ੍ਰਾਜੈਕਟ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਿਆ

0
29

ਮਾਨਸਾ ਜੁਲਾਈ  28(ਸਾਰਾ ਯਹਾ,(ਬਲਜੀਤ ਸ਼ਰਮਾ) :ਪਾਣੀ ਦੀ ਇੱਕ ਇੱਕ ਬੂੰਦ ਬਚਾਉਣ ਲਈ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਲਈ ਚਲਾਏ ਗਏ ਜਲ ਸ਼ਕਤੀ ਅਭਿਆਨ ਤਹਿਤ ਜ਼ਿਲ੍ਹਾ ਮਾਨਸਾ ਵਿਚ ਨਾ ਸਿਰਫ ਮੀਂਹ ਦੇ ਪਾਣੀ ਨੂੰ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਬਲਕਿ ਸੋਕ ਪਿੱਟਾਂ ਰਾਹੀਂ  ਘਰਾਂ, ਸਕੂਲਾਂ ਅਤੇ ਹੋਰ ਜਨਤਕ ਥਾਵਾਂ ਤੇ ਫਾਲਤੂ ਪਾਣੀ ਵੀ ਵਰਤੋਂ ਵਿੱਚ ਲਿਆਉਣ ਦੀ ਵਿਉੰਤਬੰਦੀ ਕੀਤੀ ਜਾ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ 53 ਸਕੂਲਾਂ ਚ ਸੋਕਪਿਟ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਵਿੱਚੋਂ 40 ਸਕੂਲਾਂ ਵਿਚ ਇਹ ਕੰਮ ਮੁਕੰਮਲ ਹੋ ਚੁੱਕਿਆ ਹੈ। ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਇਹ ਉਪਰਾਲਾ ਵੱਡਾ ਮਹੱਤਵ ਰੱਖਦਾ ਹੈ, ਉਸ ਸਮੇਂ ਜਦੋਂ ਕਿ ਪੰਜਾਬ ਦੇ ਕਈ ਬਲਾਕਾਂ ਚ ਧਰਤੀ ਹੇਠਲਾ ਪਾਣੀ ਲੋੜ ਤੋਂ ਵੱਧ ਇਸਤੇਮਾਲ ਕੀਤਾ ਜਾ ਚੁੱਕਿਆ ਹੈ।
      ਇਹ ਸੋਕ ਪਿੱਟ ਸਕੂਲਾਂ ਚ ਉਨ੍ਹਾਂ ਥਾਵਾਂ ਤੇ ਬਣਾਏ ਗਏ ਹਨ ਜਿੱਥੇ ਮਿੱਡ ਡੇ ਮੀਲ ਕਿਚਨ ਦਾ ਪਾਣੀ , ਆਰ.ਓ. ਪਲਾਂਟ ਦਾ ਬਚਿਆ ਪਾਣੀ , ਕੱਪੜੇ ਧੋਣ ਵਾਲੇ ਅਤੇ ਪੀਣ ਵਾਲੀ ਥਾਂ ਤੇ ਇਕੱਠਾ ਹੋਇਆ ਫਾਲਤੂ ਪਾਣੀ ਹੈ। ਇਨ੍ਹਾਂ ਸੋਕ ਪਿੱਟਾਂ ਨੂੰ ਬਣਾਉਣ ਦਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਾਣੀ ਦੇ ਸਰੋਤ ਵਾਲੀ ਥਾਂ ਤੋਂ ਪਾਈਪਾਂ ਵਿਛਾ ਕੇ ਉਨ੍ਹਾਂ ਸਾਰੀਆਂ ਪਾਈਪਾਂ ਨੂੰ ਇੱਕ ਥਾਂ ਤੇ ਲਿਜਾਇਆ ਜਾਂਦਾ ਹੈ ਜਿਸ ਨੂੰ ਸੋਕਪਿਟ ਕਹਿੰਦੇ ਹਨ। ਇਸ ਫਾਲਤੂ ਪਾਣੀ ਨੂੰ ਅੱਗੇ ਸਾਫ ਕੀਤਾ ਜਾਂਦਾ ਹੈ ਅਤੇ ਹੌਲੀ ਹੌਲੀ ਕਰਕੇ ਧਰਤੀ ਦੇ ਹੇਠਲੇ ਪਾਣੀ ਚ ਛੱਡ ਦਿੱਤਾ ਜਾਂਦਾ ਹੈ।  ਉਨ੍ਹਾਂ ਦੱਸਿਆ ਕਿ ਜੂਨ 2017 ਵਿਚ ਪਿੰਡ ਕੋਠੇ ਅਸਪਾਲ ਨੂੰ ਇਸ ਤਰ੍ਹਾਂ ਦੇ ਸੋਕ ਪਿਟ ਬਣਾ ਕੇ ਪਿੰਡ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੌਮੀ ਪੱਧਰ ਉੱਤੇ  ਭਾਰਤ ਸਰਕਾਰ ਮੰਤਰਾਲਾ ਪੇਂਡੂ ਵਿਕਾਸ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।  ਇਨ੍ਹਾਂ ਯਤਨਾਂ ਸਦਕਾ ਪਿੰਡ ਕੋਠੇ ਅਸਪਾਲ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਿਆ ਹੈ। ਸਕੂਲ ਦੇ ਅਧਿਆਪਕਾਂ ਦਾ ਦੱਸਣਾ ਹੈ ਕਿ ਜਿਹੜਾ ਹੈਂਡਪੰਪ ਪਿਛਲੇ ਕਈ ਸਾਲਾਂ ਤੋਂ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਬੰਦ ਪਿਆ ਸੀ ਉਸ ਵਿੱਚ ਮੁੜ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। 
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡਾਂ ਚ ਸੋਕ ਪਿੱਟਾਂ ਬਣਾਉਣ ਦਾ ਕੰਮ ਮਨਰੇਗਾ ਤਹਿਤ ਕੀਤਾ ਜਾ ਰਿਹਾ ਹੈ। ਸੋਕ ਪਿੱਟਾਂ ਰਾਹੀਂ ਨਾ ਸਿਰਫ ਫਾਲਤੂ ਪਾਣੀ ਦਾ ਬਚਾਅ ਹੁੰਦਾ ਹੈ ਬਲਕਿ ਗੰਦਾ ਪਾਣੀ ਸੜਕਾਂ ਉੱਤੇ ਆ ਕੇ ਸੜਕਾਂ ਨੂੰ ਖ਼ਰਾਬ ਕਰਨ ਦੀ ਸਮੱਸਿਆ ਤੋਂ ਵੀ ਨਿਜਾਤ ਮਿਲਦੀ ਹੈ। ਇਨ੍ਹਾਂ ਪਿੱਟਾਂ ਰਾਹੀਂ ਘਰਾਂ ਦਾ ਗੰਦਾ ਪਾਣੀ ਬਰਬਾਦ ਹੋਣ ਦੀ ਬਜਾਏ ਸਾਫ ਹੋ ਕੇ ਫਸਲਾਂ ਦੀ ਖੁਰਾਕ ਬਣਦਾ ਹੈ। 
   ਪਿੰਡ ਕੋਠੇ ਅਸਪਾਲ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਚ 65 ਸੋਕ ਪਿੱਟ ਬਣਾਏ ਗਏ ਸਨ ਜਿਨ੍ਹਾਂ ਵਿੱਚੋਂ 32 ਚੱਲ ਰਹੇ ਹਨ। 
ਮਨਰੇਗਾ ਦੇ ਜ਼ਿਲ੍ਹਾ ਮਾਨਸਾ ਦੇ ਕੋਆਰਡੀਨੇਟਰ ਸ੍ਰੀ ਮਨਦੀਪ ਸਿੰਘ ਨੇ ਦੱਸਿਆ ਕਿ ਮਨਰੇਗਾ ਤਹਿਤ ਬਣਾਏ ਜਾ ਰਹੇ ਇਹ ਸੋਕਪਿਟ ਉੱਥੇ ਹੀ ਬਣਾਏ ਜਾ ਰਹੇ ਹਨ ਜਿੱਥੇ ਧਰਤੀ ਹੇਠਲਾ ਪਾਣੀ ਦਸ ਮੀਟਰ ਤੋਂ ਥੱਲੇ ਹੈ।  ਚਾਰ ਫੁੱਟ ਲੰਬਾ ਚਾਰ ਫੁੱਟ ਚੌੜਾ ਅਤੇ ਦਸ ਫੁੱਟ ਡੂੰਘਾ ਇਹ ਸੋਕਪਿਟ ਕੰਕਰੀਟ ਟੈਂਕ ਰਾਹੀਂ ਬਣਾਇਆ ਜਾਂਦਾ ਹੈ। ਇਨ੍ਹਾਂ ਸੋਕ ਪਿੱਟਾਂ ਦੀ ਨਿਯਮਿਤ ਸਫਾਈ ਵੀ ਜ਼ਰੂਰੀ ਹੈ ਜਿਸ ਦੀ ਜ਼ਿੰਮੇਵਾਰੀ ਉਸ ਵਿਅਕਤੀ ਦੀ ਹੋਵੇਗੀ ਜਿਸ ਦੀ ਇਮਾਰਤ ਚ ਸੋਕੇਟ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਵਧੀਕ ਸਕੱਤਰ ਸਹਿਕਾਰਤਾ ਵਿਭਾਗ, ਭਾਰਤ ਸਰਕਾਰ ਸ੍ਰੀਮਤੀ ਅੰਜਲੀ ਭਾਵੜਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੁਆਰਾ ਇਸ ਪਿੰਡ ਦਾ ਦੌਰਾ ਕੀਤਾ ਗਿਆ ਸੀ ਅਤੇ ਇਸ ਦੌਰਾਨ ਉਨ੍ਹਾਂ ਇੱਥੇ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। 

LEAVE A REPLY

Please enter your comment!
Please enter your name here