

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਉਨ੍ਹਾਂ ਸਾਰੇ ਪੀੜਤਾਂ ਨੂੰ ਫਲੈਟ ਦਿਵਾਉਣਗੇ ਜਿਨ੍ਹਾਂ ਦੀਆਂ ਝੁੱਗੀਆਂ ਸੜ ਗਈਆਂ ਸਨ। ਯਾਦ ਰਹੇ ਪਿਛਲੇ ਮਹੀਨੇ 27 ਜੂਨ ਨੂੰ ਚਮਰੰਗ ਰੋਡ ‘ਤੇ ਅੱਗ ਲੱਗਣ ਕਾਰਨ 80 ਪਰਿਵਾਰਾਂ ਦੀਆਂ ਝੁੱਗੀਆਂ ਸਮੇਤ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ ਸੀ। ਸਿੱਧੂ ਨੇ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਫਲੈਟ ਦਿਵਾਉਣ ਦੀ ਪਹਿਲ ਕੀਤੀ ਹੈ।
ਅੱਜ ਇਨ੍ਹਾਂ ਸਾਰੇ ਪੀੜਤਾਂ ਨੇ ਸਾਬਕਾ ਮੰਤਰੀ ਤੇ ਪੂਰਬੀ ਹਲਕੇ ਦੇ ਵਿਧਾਇਕ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਤੇ ਆਪਣੇ ਲਈ ਰੈਣ ਬਸੇਰੇ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਤੀ ਤੌਰ ‘ਤੇ ਨਵਜੋਤ ਸਿੰਘ ਸਿੱਧੂ ਨੂੰ ਫਲੈਟ ਜਾਂ ਕੁਆਰਟਰ ਦੇਣ ਦੀ ਮੰਗ ਕੀਤੀ। ਨਵਜੋਤ ਸਿੰਘ ਸਿੱਧੂ ਨੇ ਨਿਊ ਅੰਮ੍ਰਿਤਸਰ ਵਿੱਚ ਲੋੜਵੰਦਾਂ ਨੂੰ ਦੇਣ ਲਈ ਬਣਾਏ ਗਏ ਫਲੈਟਾਂ ਵਿੱਚ ਉਕਤ ਪਰਿਵਾਰਾਂ ਨੂੰ ਸ਼ਿਫਟ ਕਰਨ ਦੀ ਤਜਵੀਜ ਰੱਖੀ।
ਸਿੱਧੂ ਨੇ ਭਰੋਸਾ ਦਿਵਾਇਆ ਕਿ ਇੱਕ ਹਫ਼ਤੇ ਵਿੱਚ ਸਾਰੇ ਪੀੜਤਾਂ ਨੂੰ ਨਿਊ ਅੰਮ੍ਰਿਤਸਰ ਵਾਲੇ ਫਲੈਟਾਂ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਇਸ ਸਬੰਧੀ ਵਾਰਡ ਨੰਬਰ 26 ਦੇ ਕੌਂਸਲਰ ਸ਼ੈਲਿੰਦਰ ਸ਼ੈਲੀ ਦੀ ਅਗਵਾਈ ਵਿੱਚ ਮਿਲੇ ਪੀੜਤਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਲਿਖਤੀ ਦਰਖ਼ਾਸਤਾਂ ਵੀ ਦਿੱਤੀਆਂ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੌਂਸਲਰ ਸ਼ੈਲੀ ਨੇ ਦੱਸਿਆ ਕਿ ਸਿੱਧੂ ਨੇ ਇਸ ਬਾਰੇ ਕਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਸਾਰੀ ਕਾਰਵਾਈ ਪੂਰੀ ਕਰਨ ਲਈ ਕਿਹਾ। ਪੀੜਤਾਂ ਨੇ ਵੀ ਉਮੀਦ ਜਤਾਈ ਕਿ ਉਨ੍ਹਾਂ ਨੂੰ ਫਲੈਟ ਮਿਲ ਜਾਣਗੇ। ਹਾਲਾਂਕਿ ਸਰਕਾਰ ਵੱਲੋਂ 25 ਪੀੜਤਾਂ ਨੂੰ ਪਹਿਲਾਂ ਫਲੈਟ ਦਿੱਤੇ ਸਨ, ਪਰ ਇਨ੍ਹਾਂ ਸਾਰੇ 80 ਪਰਿਵਾਰਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਇੱਕ ਸਾਰ ਹੀ ਫਲੈਟ ਦਿੱਤੇ ਜਾਣ ਤਾਂ ਕਿ ਉਹ ਇਕੱਠੇ ਜਾ ਕੇ ਹੀ ਆਪਣੇ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣ।























