

ਮਾਨਸਾ, 26 ਜੁਲਾਈ (ਬਲਜੀਤ ਸ਼ਰਮਾ)-ਪੰਜਾਬ ਸਰਕਾਰ ਵਲੋਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਰਿਕਸ਼ਾ ਰੇਹੜੀਆਂ ਦੇਣ ਲਈ ਜ਼ਿਲਾ ਪ੍ਰੀਸ਼ਦ ਵਿਖੇ ਰੱਖੇ ਗਏ ਪ੍ਰੋਗਰਾਮ ਦੌਰਾਨ ਉਸ ਸਮੇਂ ਅਫੜਾ ਦਫੜੀ ਮੱਚ ਗਈ, ਜਦੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵਲੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਉਪਰੰਤ ਕਾਂਗਰਸੀ ਵਰਕਰਾਂ ਨੇ ਜ਼ਿਲਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਦੀ ਅਗਵਾਈ ਹੇਠ ਏ.ਡੀ.ਸੀ (ਡੀ) ਦਾ ਘਿਰਾਓ ਕਰਕੇ ਨਾਅਰੇਬਾਜੀ ਕੀਤੀ। ਜਿਸ ਤੇ ਏ.ਡੀ.ਸੀ ਗੁਰਮੀਤ ਸਿੰਘ ਸਿੱਧੂ ਨੇ ਜ਼ਿਲਾ ਪੁਲਸ ਮੁਖੀ ਨੂੰ ਕੀਤੀ ਸ਼ਿਕਾਇਤ ਵਿਚ ਮੰਗ ਕੀਤੀ ਕਿ ਉਨ੍ਹਾਂ ਨਾਲ ਬਦਸਲੂਕੀ ਕਰਨ ਤੇ ਜ਼ਿਲਾ ਪ੍ਰਧਾਨ ਡਾ. ਮਨੋਜ ਬਾਲਾ ਅਤੇ ਹੋਰ ਹਾਜ਼ਰੀਨ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਸਮੁੱਚਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਹੈ। ਜਦੋਂ ਤੱਕ ਸਬੰਧਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾਂਦਾ, ਹੜਤਾਲ ਜਾਰੀ ਰਹੇਗੀ।
ਜਾਣਕਾਰੀ ਅਨੁਸਾਰ ਰੱਖੇ ਗਏ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਰਿਕਸ਼ਾ ਰੇਹੜੀਆਂ ਵੰਡਣ ਮੌਕੇ ਕਿਹਾ ਕਿ ਕੈਪਟਨ ਸਰਕਾਰ ਪੰਜਾਬੀਆਂ ਨੂੰ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਆਉਂਦੇ ਕੁੱਝ ਦਿਨਾਂ ਵਿਚ ਮਾਨਸਾ ਜ਼ਿਲੇ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ ਫੰਡ ਭੇਜੇ ਜਾ ਰਹੇ ਹਨ।
ਇਸ ਉਪਰੰਤ ਜਿਵੇਂ ਹੀ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਪ੍ਰੋਗਰਾਮ ‘ਚੋਂ ਚਲੇ ਗਏ ਤਾਂ ਕਾਂਗਰਸ ਦੀ ਜ਼ਿਲਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਵਲੋਂ ਕਾਂਗਰਸੀ ਪੰਚਾਂ, ਸਰਪੰਚਾਂ ਨੂੰ ਨਾਲ ਲੈ ਕੇ ਪ੍ਰੋਗਰਾਮ ਵਿਚ ਪਹੁੰਚ ਕੇ ਨਾਅਰੇਬਾਜੀ ਕਰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਵਲੋਂ ਭੇਜੀਆਂ ਗਈਆਂ ਲੋੜਵੰਦ ਵਿਅਕਤੀਆਂ ਦੀ ਲਿਸਟਾਂ ਵਿਚੋਂ ਕਿਸੇ ਨੂੰ ਵੀ ਸਿਲਾਈ ਮਸ਼ੀਨਾਂ ਅਤੇ ਰਿਕਸ਼ਾ ਰੇਹੜੀਆਂ ਨਹੀਂ ਦਿੱਤੀਆਂ ਗਈਆਂ, ਬਲਕਿ ਇਹ ਉਨ੍ਹਾਂ ਲੋਕਾਂ ਨੂੰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਸਬੰਧ ਨਾ ਕਾਂਗਰਸ ਪਾਰਟੀ ਨਾਲ ਹੈ ਅਤੇ ਨਾ ਹੀ ਉਹ ਲੋੜਵੰਦ ਹੈ। ਇਸ ਮੌਕੇ ਸਿਲਾਈ ਮਸ਼ੀਨਾਂ ਅਤੇ ਰਿਕਸ਼ਾ ਰੇਹੜੀਆਂ ਲੈਣ ਪੁੱਜੇ ਵਿਅਕਤੀਆਂ ਵਲੋਂ ਡਾ. ਮਨੋਜ ਬਾਲਾ ਬਾਂਸਲ ਵਿਰੁੱਧ ਨਾਅਰੇਬਾਜੀ ਕੀਤੀ ਗਈ।

ਇਸ ਤਕਰਾਰ ਦੇ ਚੱਲਦਿਆਂ ਡਾ. ਮਨੋਜ ਬਾਲਾ ਬਾਂਸਲ ਦੀ ਅਗਵਾਈ ਹੇਠ ਏ.ਡੀ.ਸੀ (ਡੀ) ਦਾ ਘਿਰਾਓ ਕਰਕੇ ਨਾਅਰੇਬਾਜੀ ਕੀਤੀ ਗਈ। ਜਿਸ ਤੇ ਪੁਲਸ ਫੋਰਸ ਵਲੋਂ ਉਨ੍ਹਾਂ ਨੂੰ ਉਥੋਂ ਬਾਹਰ ਕੱਢਿਆ ਗਿਆ।
ਇਸ ਮਾਮਲੇ ਨੂੰ ਲੈ ਕੇ ਜਦੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰੋਗਰਾਮ ਦੇ ਚੱਲਦਿਆਂ ਉਹ ਤਾਂ ਸਿਲਾਈ ਮਸ਼ੀਨਾਂ ਅਤੇ ਰਿਕਸ਼ਾ ਰੇਹੜੀਆਂ ਵੰਡ ਕੇ ਪ੍ਰੋਗਰਾਮ ਸ਼ੁਰੂ ਕਰਨ ਉਪਰੰਤ ਉਥੋਂ ਚਲੇ ਗਏ ਸੀ, ਬਾਅਦ ਵਿਚ ਕੀ ਹੋਇਆ, ਉਨ੍ਹਾਂ ਨੂੰ ਇਸ ਬਾਰੇ ਕੁੱਝ ਨਹੀਂ ਪਤਾ।
ਇਸ ਮਾਮਲੇ ਨੂੰ ਲੈ ਕੇ ਜਦੋਂ ਡਾ. ਮਨੋਜ ਬਾਲਾ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਏ.ਡੀ.ਸੀ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਗਈ, ਬਲਕਿ ਉਨ੍ਹਾਂ ਵਲੋਂ ਜਿਨ੍ਹਾਂ ਵਿਅਕਤੀਆਂ ਦੇ ਨਾਮ ਲਿਸਟ ਵਿਚੋਂ ਕੱਟੇ ਗਏ ਸੀ, ਉਸ ਸਬੰਧੀ ਗੱਲਬਾਤ ਕੀਤੀ ਸੀ।























