

ਫਗਵਾੜਾ: ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੀ ਇਕ ਅਹਿਮ ਮੀਟਿੰਗ ਹੋਈ। ਇਸ ਮੌਕੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਇਲਾਕੇ ਦੇ ਸਮੂਹ ਵਸਨੀਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਨਸ਼ੇ ਦੇ ਪੂਰੀ ਤਰ੍ਹਾਂ ਖਾਤਮੇ ਲਈ ਉਨ੍ਹਾਂ ਨੂੰ ਫੋਨ ਕਰਕੇ ਨਸ਼ਾ ਕਾਰੋਬਾਰੀਆਂ ਦੀ ਸੂਚਨਾ ਦਿੱਤੀ ਜਾਵੇ। ਸਹੀ ਸੂਚਨਾ ਦੇਣ ਵਾਲੇ ਦਾ ਨਾਂ ਪਤਾ ਗੁਪਤ ਰੱਖਿਆ ਜਾਵੇਗਾ ਤੇ ਬਲਾਕ ਕਾਂਗਰਸ ਫਗਵਾੜਾ ਵਲੋਂ ਸੂਹ ਦੇਣ ਵਾਲੇ ਨੂੰ 10 ਹਜ਼ਾਰ ਰੁਪਏ ਦਾ ਨਗਦ ਇਨਾਮ ਵੀ ਦਿੱਤਾ ਜਾਵੇਗਾ।
ਨਸ਼ਾ ਕਾਰੋਬਾਰੀਆਂ ਦੀ ਸੂਹ ਦੇਣ ਲਈ ਲੋਕ ਉਨ੍ਹਾਂ ਦੇ ਮੋਬਾਈਲ ਨੰਬਰ 9878206300 ਜਾਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਮੋਬਾਈਲ ਨੰਬਰ 9855200813, ਬਲਾਕ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਦੇ ਮੋਬਾਈਲ ਨੰਬਰ 9814062386, ਐਸਪੀ ਫਗਵਾੜਾ ਦੇ ਮੋਬਾਈਲ ਨੰਬਰ 9815600840 ਤੇ ਡੀਐਸਪੀ ਫਗਵਾੜਾ ਦੇ ਮੋਬਾਈਲ ਨੰਬਰ 7973617460 ਉੱਪਰ ਸੰਪਰਕ ਕਰ ਸਕਦੇ ਹਨ।
ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕੀਤੀ ਗਈ। ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਨ ਤੋਂ ਪਹਿਲਾਂ ਨਸ਼ਾ ਕਰਨ ਵਾਲੇ ਤੇ ਨਸ਼ਾ ਵੇਚਣ ਵਾਲੇ ਆਮ ਤੁਰੇ ਫਿਰਦੇ ਨਜ਼ਰ ਆਉਂਦੇ ਸਨ ਪਰ ਹੁਣ ਕੈਪਟਨ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਦੀ ਸਖਤੀ ਨਾਲ ਤਸਵੀਰ ਬਦਲ ਗਈ ਹੈ।
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਨੌਜਵਾਨ ਡਰੱਗ ਆਦਿ ਦਾ ਨਸ਼ਾ ਛੱਡ ਗਏ ਹਨ ਜਾਂ ਨਸ਼ਾ ਛੁਡਾਉ ਕੇਂਦਰਾਂ ਵਿਚ ਇਲਾਜ ਕਰਵਾ ਰਹੇ ਹਨ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੇ ਵੀ ਆਪਣਾ ਬੋਰੀਆ-ਬਿਸਤਰਾ ਸਮੇਟ ਲਿਆ ਹੈ। ਫਿਰ ਵੀ ਕੁੱਝ ਛੋਟੇ-ਵੱਡੇ ਨਸ਼ਾ ਕਾਰੋਬਾਰੀ ਅੰਦਰ ਖਾਤੇ ਨਸ਼ਾ ਵੇਚਣ ਦੀਆਂ ਗਤੀਵਿਧੀਆਂ ਚਲਾ ਰਹੇ ਹਨ। ਅਜਿਹੇ ਅਨਸਰਾਂ ਨੂੰ ਪੁਲਿਸ ਦੀ ਮਦਦ ਨਾਲ ਕਾਬੂ ਕਰਵਾਉਣ ਲਈ ਫਗਵਾੜਾ ਕਾਂਗਰਸ ਪੂਰਾ ਸਹਿਯੋਗ ਕਰੇਗੀ।























