ਮਗਨਰੇਗਾ ਸਕੀਮ ਨੇ ਬਦਲੀ ਪਿੰਡਾਂ ਦੀ ਨੁਹਾਰ ; ਦਿੱਤੀ ਸ਼ਹਿਰਾਂ ਤੋਂ ਵੀ ਸੋਹਣੀ ਦਿੱਖ

0
4

ਮਾਨਸਾ :ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਪਾਰਕ ਬਣਾਉਣ ਨੂੰ ਉਤਸ਼ਾਹ ਦੇਣ ਦੇ ਮੰਤਵ ਨਾਲ ਬਣਾਏ ਜਾ ਰਹੇ ਪਾਰਕਾਂ ਨੂੰ ਮਾਨਸਾ ਜ਼ਿਲ੍ਹੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦੇ ਫਲਸਰੂਪ 12 ਪਾਰਕਾਂ ਦੀ ਉਸਾਰੀ ਹੋ ਚੁੱਕੀ ਹੈ ਅਤੇ 8 ਹੋਰ ਪਾਰਕ ਜਲਦ ਹੀ ਪੂਰੇ ਕਰ ਲਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਯੋਜਨਾ (ਮਗਨਰੇਗਾ) ਤਹਿਤ ਸੋਹਣੇ ਤੇ ਹਰਿਆਲੀ ਭਰਪੂਰ ਪਾਰਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਜਿੱਥੇ ਪਿੰਡਾਂ ਦੀ ਨੁਹਾਰ ਬਦਲੀ ਹੈ, ਉਥੇ ਪਿੰਡਾਂ ਦੀ ਦਿੱਖ ਹੋਰ ਸੋਹਣੀ ਲੱਗਦੀ ਹੈ।
ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਜਿੱਥੇ ਪਿੰਡਾਂ ਨੂੰ ਸੋਹਣੀ ਦਿੱਖ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋ ਰਹੀ ਹੈ, ਉਥੇ ਦਿਹਾਤੀ ਖੇਤਰ ਦੇ ਪੇਂਡੂ ਮਜ਼ਦੂਰਾਂ ਦੀ ਜੀਵਨ ਜਾਂਚ ਅਤੇ ਜੀਵਨ ਪੱਧਰ ‘ਚ ਜ਼ਿਕਰਯੋਗ ਤਬਦੀਲੀਆਂ ਦਰਜ ਕਰਾਈਆਂ ਹਨ।
ਉਨ੍ਹਾਂ ਦੱਸਿਆ ਕਿ ਮਗਨਰੇਗਾ ਅਧੀਨ ਜ਼ਿਲ੍ਹੇ ਵਿੱਚ 20 ਪਾਰਕ ਬਣਾਏ ਜਾਣੇ ਸਨ, ਜਿਨ੍ਹਾਂ ਵਿੱਚੋਂ 12 ਪਿੰਡਾਂ ਮੱਤੀ, ਹੀਰੋਂ ਕਲਾਂ, ਕੋਟੜਾ ਕਲਾਂ, ਖੋਖਰ ਕਲਾਂ, ਭਾਈ ਦੇਸਾ, ਕੁਲਾਣਾ, ਹਾਕਮਵਾਲਾ, ਮਾਖਾ ਚਹਿਲਾਂ, ਬੁਰਜ ਹਰੀਕੇ, ਬਣਾਂਵਾਲਾ, ਗੁੜਥੜੀ ਅਤੇ ਜੀਵਨ ਨਗਰ ਵਿਖੇ ਮਗਨਰੇਗਾ ਸਕੀਮ ਅਧੀਨ ਬਹੁਤ ਹੀ ਸੁੰਦਰ ਦਿੱਖ ਵਾਲੇ ਪਾਰਕਾਂ ਦੀ ਉਸਾਰੀ ਕੀਤੀ ਗਈ ਹੈ, ਜਿੱਥੇ ਕਿ ਲੋਕ ਸਵੇਰੇ ਸ਼ਾਮ ਸੈਰ ਕਰਕੇ ਆਪਣੇ ਆਪ ਨੂੰ ਤਰੋ-ਤਾਜ਼ਾ ਮਹਿਸੂਸ ਕਰਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿੱਚ 8 ਹੋਰ ਪਾਰਕ ਉਸਾਰਨ ਦਾ ਕੰਮ ਚੱਲ ਰਿਹਾ ਹੈੇ। ਉਨ੍ਹਾਂ ਦੱਸਿਆ ਕਿ 2019 ਤੱਕ ਵੱਖ-ਵੱਖ ਪਿੰਡਾਂ ਵਿੱਚ 25 ਪਾਰਕ ਤਿਆਰ ਕਰ ਦਿੱਤੇ ਜਾਣਗੇ।
ਪਿੰਡ ਮੱਤੀ ਦੇ ਸਰਪੰਚ ਸ਼੍ਰੀ ਪਰਸ਼ੋਤਮ ਗਰਗ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸਤੰਬਰ 2017 ਵਿੱਚ 21 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ, ਜੋ ਕਿ 8 ਮਹੀਨਿਆਂ ਵਿੱਚ ਮੁਕੰਮਲ ਕਰ ਲਈ ਗਈ ਸੀ। ਉਨ੍ਹਾਂ ਦੱਸਿਆ ਕਿ 3 ਏਕੜ ਦੇ ਰਕਬੇ ਵਿੱਚ ਬਣੇ ਇਸ ਪਾਰਕ ਵਿੱਚ ਢਾਈ ਏਕੜ ਰਕਬੇ ਅੰਦਰ ਘਾਹ ਲੱਗਾ ਹੋਇਆ ਹੈ, ਜਿਸਦਾ ਟਰੈਕ 1 ਕਿਲੋਮੀਟਰ ਦੇ ਕਰੀਬ ਬਣ ਜਾਂਦਾ ਹੈ। ਇਸ ਪਾਰਕ ਵਿੱਚ ਇੱਕ ਹਜ਼ਾਰ ਦੇ ਕਰੀਬ ਦਰਖੱਤ ਲਗਾਏ ਗਏ ਹਨ, ਜਿਨ੍ਹਾ ਦੀ ਛਾਂ ਦਾ ਪਾਰਕ ਵਿੱਚ ਸੈਰ ਕਰਨ ਆਏ ਲੋਕ ਆਨੰਦ ਮਾਣਦੇ ਹਨ। ਸ਼੍ਰੀ ਪ੍ਰਸ਼ੋਤਮ ਨੇ ਦੱਸਿਆ ਕਿ ਇਸ ਪਾਰਕ ਵਿੱਚ ਰੋਜ਼ਾਨਾ 200 ਦੇ ਕਰੀਬ ਮਰਦ, ਔਰਤਾਂ ਤੇ ਬੱਚੇ ਸੈਰ ਕਰਨ ਲਈ ਆਉਂਦੇ ਹਨ।
ਜ਼ਿਲ੍ਹਾ ਕੋਆਰਡੀਨੇਟਰ ਮਗਨਰੇਗਾ ਸ਼੍ਰੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਖੋਖਰ ਕਲਾਂ ਵਿਖੇ ਗਊਸ਼ਾਲਾ ਵਿੱਚ ਢਾਈ ਏਕੜ ਰਕਬੇ ਵਿੱਚ ਪਾਰਕ ਬਣਾਇਆ ਗਿਆ ਹੈ। ਉਨ੍ਹਾ ਦੱਸਿਆ ਕਿ ਇਹ ਪਾਰਕ ਦਸੰਬਰ 2016 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਮਗਨਰੇਗਾ ਵੱਲੋਂ 22.36 ਲੱਖ ਰੁਪਏ ਖਰਚ ਕੀਤੇ ਗਏ। ਪੰਚਾਇਤਾਂ ਵੱਲੋਂ ਆਪਣੇ ਪੱਧਰ ਤੇ ਪਿੰਡ ਮੂਸਾ ਵਿਖੇ 5 ਪਾਰਕ ਅਤੇ ਪਿੰਡ ਹੀਰੋ ਕਲਾਂ ਅਤੇ ਗੁੜਥੜੀ ਵਿਖੇ 7 ਸ਼ਮਸ਼ਾਨ ਘਾਟ ਤਿਆਰ ਕੀਤੇ ਗਏ ਹਨ। 

LEAVE A REPLY

Please enter your comment!
Please enter your name here