ਪੰਜਾਬ ਦੀਆਂ ਸੜਕਾਂ ਰੋਜ਼ਾਨਾ ਨਿਗਲ ਰਹੀਆਂ 13 ਜਾਨਾਂ, ਤਾਜ਼ਾ ਰਿਪੋਰਟ ਪਾਏਗੀ ਗਸ਼

0
16

ਚੰਡੀਗੜ੍ਹ: ਸਾਲ 2018 ਵਿੱਚ ਪੰਜਾਬ ਦੀਆਂ ਸੜਕਾਂ ‘ਤੇ ਹਰ ਰੋਜ਼ ਔਸਤਨ 13 ਵਿਅਕਤੀਆਂ ਦੀ ਮੌਤ ਹੋਈ। ਇਹ ਤੱਥ ਸਮਾਜਿਕ-ਆਰਥਿਕ ਲਾਗਤ ਦੇ ਵਿਸ਼ਲੇਸ਼ਣ ਤੋਂ ਸਾਹਮਣੇ ਆਏ ਹਨ। ਇਸ ਵਿਸ਼ਲੇਸ਼ਣ ਮੁਤਾਬਕ ਸੜਕ ਹਾਦਸਿਆਂ ਵਿੱਚ ਕੁੱਲ 4,725 ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ।

ਪੰਜਾਬ ਵਿਜ਼ਨ ਜ਼ੀਰੋ ਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਅਧੀਨ ਤਿਆਰ ਕੀਤੀ ਗਈ। ਇਸ ਰਿਪੋਰਟ ਦੇ ਮੁਤਾਬਕ 2017 ਦੇ ਮੁਕਾਬਲੇ ਸ਼ਹਿਰੀ ਖੇਤਰਾਂ ਵਿੱਚ ਵਾਪਰੇ ਸੜਕ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ‘ਚ 6 ਫ਼ੀਸਦੀ ਜਦਕਿ ਘਾਤਕ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 5 ਫ਼ੀਸਦੀ ਵਾਧਾ ਹੋਇਆ ਹੈ।

ਰਿਪੋਰਟ ਅਨੁਸਾਰ ਪਿਛਲੇ ਸਾਲ ਓਵਰ ਸਪੀਡ ਦੇ ਕਾਰਨ 2,540 ਲੋਕਾਂ ਨੇ ਆਪਣੀ ਜਾਨ ਗਵਾਈ। ਇਸੇ ਤਰ੍ਹਾਂ ਨਸ਼ਾ ਕਰਕੇ ਗੱਡੀ ਚਲਾਉਣ ਵਾਲੇ 85 ਲੋਕਾਂ ਦੀ ਜਾਨ ਚਲੀ ਗਈ। ਰਿਪੋਰਟ ਵਿੱਚ ਸਪਸ਼ਟ ਕੀਤਾ ਹੈ ਕਿ ਹਰ 10 ਲੱਖ ਲੋਕਾਂ ਪਿੱਛੇ ਕੌਮੀ ਪੱਧਰ ‘ਤੇ 111 ਲੋਕਾਂ ਦੀ ਸੜਕ ਹਾਦਸਿਆਂ ਵਿੱਚ ਮੌਤ ਹੁੰਦੀ ਹੈ ਪਰ ਇਕੱਲੇ ਪੰਜਾਬ ਵਿੱਚ ਇਹ ਅੰਕੜਾ 155 ਹੈ।

ਪੰਜਾਬ ਦੇ ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਐਸਏਐਸ ਨਗਰ ਸਿਖਰਲੇ ਤਿੰਨ ਜ਼ਿਲ੍ਹੇ ਹਨ, ਜਿੱਥੇ ਘਾਤਕ ਸੜਕ ਹਾਦਸਿਆਂ ਦੀ ਦਰ ਸੂਬੇ ਦੀ ਔਸਤ ਤੋਂ ਵੀ ਦੁੱਗਣੀ ਹੈ। ਰਿਪੋਰਟ ਤੋਂ ਖ਼ੁਲਾਸਾ ਹੋਇਆ ਹੈ ਕਿ ਜ਼ਿਆਦਾਤਰ ਨੌਜਵਾਨਾਂ ਦੀ ਮੌਤ ਦਾ ਕਾਰਨ ਸੜਕ ਹਾਦਸੇ ਹਨ। ਸ਼ਾਮ 6 ਵਜੇ ਤੋਂ ਰਾਤ 9 ਵਜੇ ਦੇ ਦਰਮਿਆਨ ਸਭ ਤੋਂ ਵੱਧ ਸੜਕ ਹਾਦਸੇ ਵਾਪਰਦੇ ਹਨ।

ਇਸ ਬਾਰੇ ਟਰੈਫਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਨੂੰ ਸੁਧਾਰਨ ਲਈ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਸੜਕ ਸੁਰੱਖਿਆ ਸਹਿਯੋਗੀ ਹਰੇਕ ਦੁਰਘਟਨਾ ਦਾ ਵਿਸ਼ਲੇਸ਼ਣ ਕਰਦੇ ਹਨ ਤੇ ਬਲੈਕ ਸਪਾਟ ਦੀ ਪਛਾਣ ਕਰਦੇ ਹਨ, ਜਿਨ੍ਹਾਂ ਵਿੱਚ ਸਥਾਨਕ ਕਾਰਪੋਰੇਸ਼ਨਾਂ ਦੀ ਮਦਦ ਨਾਲ ਸੁਧਾਰ ਕੀਤੇ ਜਾਣਗੇ।

LEAVE A REPLY

Please enter your comment!
Please enter your name here