ਮਾਨਸਾ ਜ਼ਿਲ੍ਹੇ ਅੰਦਰ ਕਰੀਬ 355 ਏਕੜੇ ਰਕਬੇ ਅਧੀਨ ਹੋ ਰਹੀ ਹੈ ਝੋਨੇ ਦੀ ਸਿੱਧੀ ਬਿਜਾਈ

0
34

ਮਾਨਸਾ, 04 ਜੁਲਾਈ (ਸਾਰਾ ਯਹਾ,(ਹੀਰਾ ਮਿੱਤਲ) : ਧਰਤੀ ਹੇਠਲੇ ਪਾਣੀ ਦੀ ਦਿਨੋਂ ਦਿਨ ਨਿਘਰ ਰਹੀ ਹਾਲਤ ਦੇ ਮੱਦੇ ਨਜ਼ਰ ਸਾਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਸਬੰਧੀ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਹਿਤ ਜਾਗਰੂਕ ਕੀਤਾ ਗਿਆ।

          ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਅਤੇ ਵੱਟਾਂ ਉੱਤੇ ਬਿਜਾਈ ਕਰਨ ਨਾਲ ਕਾਫ਼ੀ ਮਾਤਰਾ ਵਿੱਚ ਪਾਣੀ ਦੀ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਬਿਨ੍ਹਾਂ ਕੱਦੂ ਕੀਤਿਆਂ ਝੋਨੇ ਦੀ ਬਿਜਾਈ ਕਰਨ ਨਾਲ ਵਾਤਾਵਰਨ ਵਿੱਚ ਮੀਥੇਨ ਗੈਸ ਘੱਟ ਬਣਨ ਨਾਲ ਵਾਤਾਵਰਨ ਵੀ ਸਾਫ਼ ਰਹਿੰਦਾ ਹੈ ਅਤੇ ਇਸ ਤੋਂ ਵੱਧ ਝਾੜ ਪੈਦਾ ਹੁੰਦਾ ਹੈ, ਜਿਸ ਨਾਲ ਕਿਸਾਨਾਂ ਨੂੰ ਸਿੱਧੇ ਤੌਰ ’ਤੇ ਆਰਥਿਕ ਫਾਇਦਾ ਵੀ ਪੰਹੁਚਦਾ ਹੈ।

          ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਅਧੀਨ ਕਰੀਬ 355 ਏਕੜ ਰਕਬਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਕਿਸਾਨਾਂ ਨੂੰ ਕਰੀਬ 4000/- ਰੁਪਏ ਪ੍ਰਤੀ ਏਕੜ ਦੀ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਨਾਲ ਲੇਬਰ ਦਾ ਖ਼ਰਚਾ, ਕੱਦੂ ਕਰਨ ਦਾ ਖ਼ਰਚਾ ਆਦਿ ਬਚਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪਾਣੀ ਦੀ ਵੀ 20 ਤੋਂ 25 ਫੀਸਦੀ ਬੱਚਤ ਹੁੰਦੀ ਹੈ, ਜੋ ਕਿ ਅੱਜ ਦੇ ਸਮੇਂ ਦੀ ਮੁੱਖ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰਨੀ ਚਾਹੀਦੀ ਹੈ।

                    ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸਾਲ 2019 ਦੌਰਾਨ ਜ਼ਿਲ੍ਹੇ ਅੰਦਰ 143 ਹੈਕਟੇਅਰ ਰਕਬੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ, ਜਿਸ ਤਹਿਤ ਬਲਾਕ ਮਾਨਸਾ ਵਿਖੇ 43 ਹੈਕਟੇਅਰ, ਬਲਾਕ ਭੀਖੀ ਵਿਖੇ ਸਭ ਤੋਂ ਵੱਧ 61 ਹੈਕਟੇਅਰ, ਬਲਾਕ ਝੁਨੀਰ ਵਿਖੇ 13 ਹੈਕਟੇਅਰ, ਬਲਾਕ ਸਰਦੂਲਗੜ੍ਹ ਵਿਖੇ 14 ਹੈਕਟੇਅਰ ਅਤੇ ਬਲਾਕ ਬੁਢਲਾਡਾ ਵਿਖੇ 12 ਹੈਕਟੇਅਰ ਰਕਬੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ।

          ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਵੀ ਇਸ ਬਿਜਾਈ ਤੋਂ ਕਾਫ਼ੀ ਸੰਤੁਸ਼ਟ ਹਨ । ਇਸ ਸਬੰਧੀ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕੋਟੜਾ ਕਲਾਂ ਦੇ ਅਗਾਂਹਵਧੂ ਕਿਸਾਨ ਸ਼੍ਰੀ ਗੋਬਿੰਦ ਸਿੰਘ ਨੇ ਦੱਸਿਆ ਕਿ ਉਸ ਨੇ 5 ਏਕੜ ਰਕਬੇ ਅੰਦਰ ਵੱਟਾਂ ’ਤੇ ਝੋਨੇ ਦੀ ਬਿਜਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਫਸਲ ਦਾ ਝਾੜ ਵੀ ਵੱਧ ਨਿਕਲਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਨਾਲ ਲੇਬਰ ਦਾ ਖ਼ਰਚਾ, ਖੇਤ ਨੂੰ ਕੱਦੂ ਕਰਨ ਦਾ ਖ਼ਰਚਾ ਆਦਿ ਤੋਂ ਛੁਟਕਾਰਾ ਮਿਲਿਆ ਹੈ।

          ਉਨ੍ਹਾਂ ਦੱਸਿਆ ਕਿ ਸਾਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਹੇਠੋਂ ਰਕਬਾ ਘਟਾ ਕੇ ਬਦਲਵੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ, ਤਾਂ ਜੋ ਅਸੀਂ ਅਗਲੀਆਂ ਪੀੜ੍ਹੀਆਂ ਲਈ ਪਾਣੀ ਬਚਾਕੇ ਅਤੇ ਸੰਭਾਲ ਕੇ ਰੱਖ ਸਕੀਏ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਦਾ ਰੋਜ਼ਾਨਾ ਖੇਤਾਂ ਵਿੱਚ ਜਾ ਕੇ ਮੁਆਇਨਾ ਕਰਨਾ ਚਾਹੀਦਾ ਹੈ ਅਤੇ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਸਬੰਧੀ ਖੇਤੀ ਮਾਹਿਰਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here