

ਮਾਨਸਾ, 25 ਜੂਨ (ਸਾਰਾ ਯਹਾ,ਬਲਜੀਤ ਸ਼ਰਮਾ) : ਜਵਾਹਰ ਨਵੋਦਿਆ ਵਿਦਿਆਲਿਆ ਵਿਚ 6 ਵੀਂ ਕਲਾਸ ਲਈ ਚੁਣੇ ਗਏ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ ਨੇ ਸਨਮਾਨਿਤ ਕੀਤਾ। ਇਸ ਮੌਕੇ ਇਨ੍ਹਾਂ ਬੱਚਿਆਂ ਦੀ ਚੋਣ ਵਿਚ ਸਹਾਇਕ ਅਧਿਆਪਕ ਸ੍ਰੀ ਹਿਮਾਂਸ਼ੂ ਸਿੰਗਲਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੁਆਰਾ ਕੀਤਾ ਜਾ ਰਿਹਾ ਇਹ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ ਜਿਸ ਨਾਲ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਇਕ ਪਲੇਟਫਾਰਮ ਅਤੇ ਮੌਕਾ ਮੁਹੱਈਆ ਹੁੰਦਾ ਹੈ ਜਿਸ ਨਾਲ ਉਹ ਆਪਣੇ ਹੁਨਰ ਦੀ ਵਰਤੋ ਕਰਦੇ ਹੋਏ ਜ਼ਿੰਦਗੀ ਵਿਚ ਅੱਗੇ ਵਧ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਧਿਕਾਪਕ ਆਪਣੇ ਵਿਭਾਗ ਲਈ ਪ੍ਰੇਰਨਾਸ੍ਰੋਤ ਹਨ ਅਤੇ ਰੋਲ ਮਾਡਲ ਦਾ ਕੰਮ ਕਰਦੇ ਹਨ । ਅਖ਼ੀਰ ਵਿਚ ਉਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅਧਿਆਪਕ ਸ੍ਰੀ ਹਿਮਾਂਸ਼ੂ ਸਿੰਗਲਾ ਨੇ ਦੱਸਿਆ ਇਨ੍ਹਾਂ ਵਿਦਿਆਰਥੀਆਂ ਵਿਚੋਂ ਰਮਨਦੀਪ ਸਿੰਘ ਬਰੇਟਾ, ਗਗਨਦੀਪ ਸਿੰਘ ਅਤੇ ਰਸ਼ਦੀਪ ਕੌਰ ਪਿੰਡ ਖੱਤਰੀਵਾਲਾ, ਨਾਨਕ ਸਿੰਘ ਪਿੰਡ ਸਿਰਸੀਵਾਲਾ ਦੀ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ 6 ਵੀਂ ਕਲਾਸ ਲਈ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਰਮਨਦੀਪ ਸਿੰਘ ਨੇ ਨਵੋਦਿਆ ਪ੍ਰੀਖਿਆ ਵਿਚੋਂ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਕੇਵਲ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਉਨ੍ਹਾਂ ਵੱਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ ਕਿ ਨਵੋਦਿਆ ਪ੍ਰੀਖਿਆ, ਮੈਰੀਟੋਰੀਅਸ ਪ੍ਰੀਖਿਆ, ਐਨ.ਐਮ.ਐਮ.ਐਸ. (ਨੈਸ਼ਨਲ ਮੈਰਿਟ ਕਮ ਮੀਨਜ਼ ਸਕਾਲਰਸ਼ਿਪ ਟੈਸਟ), ਪੀ.ਟੀ.ਐਸ.ਈ. ਆਦਿ ਦੀ ਤਿਆਰੀ ਬਰੇਟਾ ਵਿਖੇ ਨਿਰਸਵਾਰਥ ਤੇ ਮੁਫ਼ਤ ਕਰਵਾਈ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਪੜ੍ਹਾਏ ਗਏ ਝੁੱਗੀ ਝੌਂਪੜੀਆਂ ਵਿਚ ਰਹਿਣ ਵਾਲੇ ਵਿਦਿਆਰਥੀ ਨੇ ਇਨ੍ਹਾਂ ਪ੍ਰੀਖਿਆਵਾਂ ਵਿਚੋਂ ਟਾਪ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਿਰਫ਼ ਗਰੀਬ ਤੇ ਲੋੜਵੰਦ ਵਿਦਿਆਰਥੀ ਨੂੰ ਹੀ ਇਨ੍ਹਾਂ ਪ੍ਰੀਖਿਆਵਾਂ ਲਈ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਵਲ ਗਰੀਬ ਅਤੇ ਲੋੜਵੰਦ ਵਿਦਿਆਰਥੀ ਪ੍ਰੀਖਿਆ ਤੋਂ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨਾਲ 78143-13358 ਤੇ ਸੰਪਰਕ ਕਰ ਕੇ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹਨ।























