

ਫ਼ਰੀਦਕੋਟ: ਕਤਲ ਤੋਂ ਦੋ ਦਿਨ ਬਾਅਦ ਅੱਜ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ। ਡੇਰਾ ਪ੍ਰੇਮੀ ਤੇ ਪਰਿਵਾਰ ਨੇ ਬਿੱਟੂ ਦੇ ਕਤਲ ਦੀ ਉੱਚ ਪੱਧਰੀ ਜਾਂਚ ਦੀ ਮੰਗ ਪੂਰੀ ਹੋਣ ‘ਤੇ ਬਿੱਟੂ ਦੇ ਸਸਕਾਰ ਲਈ ਸਹਿਮਤੀ ਦਿੱਤੀ ਹੈ। ਹਾਲਾਂਕਿ, ਡੇਰਾ ਪ੍ਰੇਮੀ ਬਿੱਟੂ ਖ਼ਿਲਾਫ਼ ਦਰਜ ਬੇਅਦਬੀ ਕੇਸ ਰੱਦ ਕਰਨ ‘ਤੇ ਅੜੇ ਹੋਏ ਸਨ, ਪਰ ਮਾਮਲੇ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਾਰਨ ਉਨ੍ਹਾਂ ਦੀ ਇਹ ਮੰਗ ਪੂਰੀ ਨਾ ਹੋ ਸਕੀ।
ਕੋਟਕਪੂਰਾ ਦੇ ਸ਼ਮਸ਼ਾਨ ਘਾਟ ਵਿੱਚ ਬਿੱਟੂ ਦਾ ਅੰਤਮ ਸੰਸਕਾਰ ਕੀਤਾ ਗਿਆ। ਬਿੱਟੂ ਦੇ ਵੱਡੇ ਪੁੱਤਰ ਅਰਮਿੰਦਰ ਨੇ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਈ। ਇਸ ਦੌਰਾਨ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
ਬਿੱਟੂ ਦੇ ਸਸਕਾਰ ਤੋਂ ਕੁਝ ਹੀ ਸਮੇਂ ਬਾਅਦ ਕੈਪਟਨ ਸਰਕਾਰ ਨੇ ਉਸ ਦੇ ਕਤਲ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਵੀ ਕਰ ਦਿੱਤਾ। ਪੰਜ ਮੈਂਬਰੀ ਐਸਆਈਟੀ ਇਸ ਕਤਲ ਮਾਮਲੇ ਦੀ ਜਾਂਚ ਕਰੇਗੀ, ਜਿਸ ਦੀ ਅਗਵਾਈ ਏਡੀਜੀਪੀ ਈਸ਼ਵਰ ਸਿੰਘ ਕਰਨਗੇ।























