

ਮਾਨਸਾ, 24 ਜੂਨ (ਸਾਰਾ ਯਹਾ,ਬਲਜੀਤ ਸ਼ਰਮਾ: ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਡਾ. ਮਦਨ ਮੋਹਨ ਵੱਲੋਂ ਜ਼ਿਲ੍ਹਾ ਮਾਨਸਾ ਵਿਖੇ ਝੀਂਗਾ ਮੱਛੀ ਪਾਲਣ ਕਰ ਰਹ ਕਿਸਾਨਾਂ ਦੇ ਫਾਰਮਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਕਿਸਾਨਾਂ ਨੇ ਇਸ ਮੌਕੇ ਆਪਣੇ ਆਪਣੇ ਫਾਰਮ ਤੇ ਪਲ ਰਹੀ ਝੀਂਗਾ ਮੱਛੀ ਦਾ ਨਿਰੀਖਣ ਕਰਵਾਇਆ। ਡਾ. ਮਦਨ ਮੋਹਨ ਨੇ ਤਕਰੀਬਨ 8 ਝੀਂਗਾ ਮੱਛੀ ਫਾਰਮਾਂ ਦਾ ਦੌਰਾ ਕਰਕੇ ਤਸੱਲੀ ਪ੍ਰਗਟਾਈ ਅਤੇ ਕਿਸਾਨਾਂ ਦੁਆਰਾ ਕੀਤਾ ਜਾ ਰਹੇ ਕੰਮ ਨੂੰ ਸਰਾਇਆ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਜ਼ਿੰਨ੍ਹਾਂ ਕਿਸਾਨਾਂ ਦੀ ਜ਼ਮੀਨ ਖਾਰੇ ਪਾਣੀ ਵਾਲੀ ਹੈ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ 5 ਤੋਂ ਜ਼ਿਆਦਾ ਸੈਲੀਨੀਟੀ ਪਾਣੀ ਵਾਲੀ ਜ਼ਮੀਨ ਤੇ ਝੀਂਗਾ ਪਾਲਣ ਦਾ ਕੰਮ ਕਰਕੇ ਆਪਣੀ ਆਮਦਨ ਵਿਚ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਝੀਂਗਾ ਪਾਲਣ ਦਾ ਕੰਮ ਕਰਨ ਲਈ ਇਕ ਹੈਕਟੇਅਰ ਰਕਬੇ ਤੇ ਲਗਭਗ 10 ਲੱਖ ਰੁਪੈ ਦਾ ਖਰਚ ਆਉਂਦਾ ਹੈ। ਕਿਸਾਨ ਸਾਲ ਵਿਚ ਝੀਂਗਾ ਪਾਲਣ ਦੀਆਂ ਦੋ ਫਸਲਾਂ ਪ੍ਰਾਪਤ ਕਰ ਸਕਦਾ ਹੈ ਜਿਸ ਤੋਂ 4 ਮਹੀਨਿਆਂ ਵਿਚ ਹੀ 10 ਤੋਂ 12 ਲੱਖ ਰੁਪੈ ਪ੍ਰਤੀ ਫਸਲ ਪ੍ਰਤੀ ਹੈਕਟੇਅਰ ਨਿਰੋਲ ਆਮਦਨ ਕੀਤੀ ਜਾ ਸਕਦੀ ਹੈ ਅਤੇ ਇਹ ਖਾਰਾ ਪਾਣੀ ਕਿਸਾਨ ਲਈ ਵਰਦਾਨ ਸਿੱਧ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਕਿਸਾਨਾਂ ਨੂੰ ਪਹਿਲਾਂ 10 ਦਿਨ ਦੀ ਟਰੇਨਿੰਗ ਸੀ.ਆਈ.ਐਫ਼.ਈ. ਰੋਹਤਕ ਤੋਂ ਕਰਨੀ ਪਵੇਗੀ। ਇਸ ਧੰਦੇ ਲਈ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ। ਡਾਇਰੈਕਟਰ ਡਾ. ਮਦਨ ਮੋਹਨ ਵੱਲੋਂ ਸ੍ਰੀ ਬਾਬੂ ਸਿੰਘ ਭੰਮੇ ਕਲਾਂ, ਗਗਨਦੀਪ ਸਿੰਘ ਬੀਰੇਵਾਲਾ ਜੱਟਾਂ, ਲਖਵਿੰਦਰ ਸਿੰਘ ਕੌਰਵਾਲਾ, ਰੁਪਿੰਦਰ ਸਿੰਘ ਬੀਰੇਵਾਲਾ ਜੱਟਾਂ, ਜਸਵਿੰਦਰ ਕੌਰ ਅੱਕਾਂਵਾਲੀ, ਗੋਬਿੰਦਰ ਸਿੰਘ ਅਤੇ ਗੁਰਕੀਰਤ ਸਿੰਘ ਅੱਕਾਂਵਾਲੀ ਦੇ ਝੀਂਗਾ ਫਾਰਮਿੰਗ ਛੱਪੜਾਂ ਦਾ ਦੌਰਾ ਕੀਤਾ ਗਿਆ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਸੁਖਵਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਕਿਸਾਨ ਕਿਸੇ ਵੀ ਕੰਮ ਵਾਲੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਦੂਜੀ ਮੰਜ਼ਿਲ ਤੇ ਸਥਿਤ ਦਫ਼ਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਨਾਲ ਸੰਪਰਕ ਕਰ ਸਕਦੇ ਹਨ।























