

ਮਾਨਸਾ, 20 ਜੂਨ ( ਸਾਰਾ ਯਹਾ ,(ਬਲਜੀਤ ਸ਼ਰਮਾ)): ਭਾਰਤ ਸਰਕਾਰ ਵੱਲੋਂ ਘਰੇਲੂ ਕਾਮਿਆਂ ਦੀ ਰਜਿਸਟ੍ਰੇਸ਼ਨ ਸਬੰਧੀ ਚਲਾਈ ਗਈ ਸਕੀਮ ਤਹਿਤ ਰਜਿਸਟ੍ਰੇਸ਼ਨ 20 ਜੂਨ ਤੋਂ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਸਕੀਮ ਤਹਿਤ ਰਜਿਸਟਰੇਸ਼ਨ ਲਈ ਸੇਵਾ ਕੇਂਦਰਾਂ ਵਿਖੇ ਵੱਡੀ ਤਾਦਾਦ ‘ਚ ਲੋਕ ਆ ਰਹੇ ਸਨ ਜਿਸ ਕਰਨ ਸੇਵਾ ਕੇਂਦਰਾਂ ਉੱਤੇ ਰਸ਼ ਵਧ ਗਿਆ ਸੀ।
ਲੋਕਾਂ ਦੀ ਸਹੂਲਤ ਲਈ ਅਤੇ ਉਨ੍ਹਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਅਨੁਸਾਰ ਮਿਤੀਬੱਧ ਤਰੀਕੇ ਨਾਲ ਰੋਸਟਰ ਜਾਰੀ ਕੀਤਾ ਜਾਵੇਗਾ। ਵੱਖ ਵੱਖ ਪਿੰਡਾਂ ਦੇ ਵਾਸੀਆਂ ਨੂੰ ਮਿਤੀਬੱਧ ਤਰੀਕੇ ਨਾਲ ਓਹਨਾ ਦੇ ਨੇੜੇ ਦੇ ਸੇਵਾ ਕੇਂਦਰਾਂ ਵਿਚ ਫਾਰਮ ਜਮ੍ਹਾਂ ਕਰਵਾਉਣ ਦੀ ਤਰੀਕ ਦਿੱਤੀ ਜਾਵੇਗੀ ਤਾਂ ਜੋ ਲੋਕ ਆਸਾਨੀ ਨਾਲ ਅਤੇ ਸਹੀ ਤਰੀਕੇ ਨਾਲ ਆਪਣੇ ਫਾਰਮ ਜਮ੍ਹਾਂ ਕਰਵਾ ਸਕਣ।
ਸ਼੍ਰੀਮਤੀ ਅਪਨੀਤ ਰਿਆਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕਿਸਮ ਦੇ ਸਰਕਾਰੀ ਫਾਰਮ ਸੇਵਾ ਕੇਂਦਰਾਂ ਤੋਂ ਹੀ ਪ੍ਰਾਪਤ ਕਰਨ ਅਤੇ ਕਿਸੇ ਵੀ ਅਜਿਹੇ ਵਿਅਕਤੀ ਦੇ ਝਾਂਸੇ ਵਿਚ ਨਾ ਆਉਣ ਜੋ ਸਰਕਾਰੀ ਸਕੀਮਾਂ ਸਬੰਧੀ ਗਲਤ ਜਾਣਕਾਰੀ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਠੱਗਦਾ ਹੋਵੇ।























