

ਸਰਦੂਲਗੜ੍ਹ 4 ਮਈ (ਸਾਰਾ ਯਹਾ,(ਬਲਜੀਤ ਸ਼ਰਮਾ): ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਵੱਖ ਵੱਖ ਅਣਰਜਿਸਟਰਡ ਅਤੇ ਨਕਲੀ ਕੰਪਨੀਆਂ ਬਾਜ਼ਾਰ ਵਿੱਚ ਆਪਣਾ ਸਮਾਨ ਸ਼ਰੇਆਮ ਵੇਚਣਾ ਸ਼ੁਰੂ ਕਰ ਦਿੰਦੀਆਂ ਹਨ ਜੋ ਆਮ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਕਰ ਰਹੇ ਹਨ। ਸ਼ਹਿਰ ਸਰਦੂਲਗੜ੍ਹ ਤੇ ਨੇੜਲੇ ਪਿੰਡਾਂ ਵਿੱਚ ਕਈ ਕੰਪਨੀਆਂ ਆਪਣੇ ਪੇਅ-ਪਦਾਰਥ, ਆਈਸਕ੍ਰੀਮ ਅਤੇ ਹੋਰ ਸਾਮਾਨ ਵੇਚਕੇ ਲੋਕਾਂ ਦੀ ਜ਼ਿੰਦਗੀ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ। ਖਾਣ ਪੀਣ ਵਾਲੀਆਂ ਇਹ ਵਸਤੂਆਂ ਜਿੱਥੇ ਅਣਰਜਿਸਟਰ ਕੰਪਨੀਆਂ ਦੇ ਮਾਰਕੇ ਹੇਠ ਵਿਕ ਰਹੀਆਂ ਹਨ ਉੱਥੇ ਨਕਲੀ ਅਤੇ ਘਟੀਆ ਕਿਸਮ ਦੇ ਰੰਗਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੇ ਵਾਰ-ਵਾਰ ਧਿਆਨ ਚ ਲਿਆਉਣ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਕੋਈ ਵੀ ਸਖਤ ਕਦਮ ਨਹੀਂ ਉਠਾਇਆ ਗਿਆ। ਸ਼ਹਿਰ ਵਿੱਚ ਬਿਨਾਂ ਕਿਸੇ ਡਰੋ ਸ਼ਰੇਆਮ ਖਾਣ-ਪੀਣ ਵਾਲੀਆ ਖੁੱਲ੍ਹੀਆਂ ਵਸਤੂਆਂ ਵਿਕ ਰਹੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਬੰਧਿਤ ਵਿਭਾਗ ਦੇ ਅਧਿਕਾਰੀ ਜਦੋਂ ਵੀ ਸ਼ਹਿਰ ਵਿੱਚ ਛਾਪੇਮਾਰੀ ਕਰਨ ਆਉਂਦੇ ਹਨ ਤਾਂ ਇਹ ਖਬਰ ਪਹਿਲਾਂ ਹੀ ਨਕਲੀ ਤੇ ਘਟੀਆ ਸਮਾਨ ਵੇਚਣ ਵਾਲੇ ਵਿਅਕਤੀਆਂ ਨੂੰ ਮਿਲ ਜਾਂਦੀ ਹੈ ਤਾਂ ਉਹ ਆਪਣਾ ਮਾਲ ਪਾਸੇ ਕਰ ਦਿੰਦੇ ਹਨ ਜੇਕਰ ਕਿਸੇ ਵਿਅਕਤੀ ਕੋਲੋਂ ਘਟੀਆ ਜਾਂ ਨਕਲੀ ਵਸਤੂਆਂ ਬਰਾਮਦ ਹੁੰਦੀਆਂ ਹਨ ਤਾਂ ਮਹਿਕਮੇ ਵੱਲੋਂ ਉਨ੍ਹਾਂ ਦੇ ਸੈਂਪਲ ਭਰ ਲਏ ਜਾਂਦੇ ਹਨ ਪਰ ਉਹ ਦੁਕਾਨਾਂ ਸੀਲ ਨਹੀਂ ਕੀਤੀਆਂ ਜਾਂਦੀਆਂ। ਸੈਂਪਲ ਭਰਨ ਦੇ ਬਾਵਜੂਦ ਵੀ ਉਹ ਦੁਕਾਨਦਾਰ ਆਪਣੀ ਰਾਜਨੀਤਕ ਜਾਂ ਪ੍ਰਸ਼ਾਸਨਿਕ ਪਹੁੰਚ ਕਰਕੇ ਇਹ ਕਾਰੋਬਾਰ ਜਾਰੀ ਰੱਖਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਰਹਿੰਦੇ ਹਨ । ਆਮ ਲੋਕਾਂ ਦੀ ਸੂਬਾ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ਤੋਂ ਮੰਗ ਹੈ ਕਿ ਨਕਲੀ ਅਤੇ ਘਟੀਆ ਕੁਆਲਿਟੀ ਦੇ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਦੁਕਾਨਾਂ ਪੱਕੇ ਤੌਰ ਤੇ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

ਇਸ ਸਬੰਧੀ ਜਦੋਂ ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਡਾਕਟਰ ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਮੇਂ-ਸਮੇਂ ਸਿਰ ਦੁਕਾਨਾਂ ਦੀ ਚੈਕਿੰਗ ਕਰਕੇ ਸੈਂਪਲ ਭਰਦੇ ਰਹਿੰਦੇ ਹਾਂ। ਅਣਰਜਿਸਟਰਡ ਕੰਪਨੀਆਂ ਦੇ ਮਾਰਕੇ ਹੇਠ ਵਿਕ ਰਹੀਆਂ ਨਕਲੀ ਅਤੇ ਘਟੀਆ ਕਿਸਮ ਦੀਆਂ ਵਸਤੂਆਂ ਵੇਚਣ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।























