

ਮਾਨਸਾ, 22 ਮਈ (ਸਾਰਾ ਯਹਾ,(ਬਲਜੀਤ ਸ਼ਰਮਾ): ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਮਾਨਸਾ ਅਤੇ ਸੰਜੀਵਨੀ ਵੈਲਫੇਅਰ ਸੋਸਾਇਟੀ ਬੁਢਲਾਡਾ ਵੱਲੋਂ ਬੱਚਿਆਂ ਦੇ ਅਧਿਕਾਰਾਂ ਅਤੇ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਕੈਂਪ ਹੋਲੀ ਹਰਟ ਸਕੂਲ ਬੁਢਲਾਡਾ ਵਿਖੇ ਲਗਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕਾਊਂਸਲਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਸ੍ਰੀ ਰਾਜਿੰਦਰ ਕੁਮਾਰ ਨੇ ਬੱਚਿਆਂ ਦੇ ਅਧਿਕਾਰਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਬਾਲ ਵਿਆਹ ਬਾਰੇ ਬੋਲਦਿਆਂ ਕਿਹਾ ਕਿ ਵਿਆਹ ਲਈ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ ਘੱਟੋ ਘੱਟ 18 ਸਾਲ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਸ ਉਮਰ ਤੋਂ ਪਹਿਲਾਂ ਵਿਆਹ ਕਰਨਾ ਕਾਨੂੰਨ ਦੀ ਉਲੰਘਣਾਂ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਸਰਦੂਲਗੜ੍ਹ ਵਿਖੇ ਪੰਘੂੜਾ ਸਥਾਪਿਤ ਕੀਤਾ ਗਿਆ ਹੈ, ਅਤੇ ਪੰਘੂੜੇ ਵਿਚ ਆਏ ਬੱਚੇ ਜਾਂ ਬੱਚੀ ਨੂੰ ਅਡਾਪਸ਼ਨ ਏਜੰਸੀ ਭੇਜਿਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਬੱਚਾ ਗੋਦ ਲੈਣ ਦੇ ਚਾਹਵਾਨ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਕੇ ਇੱਥੋਂ ਬੱਚਾ ਗੋਦ ਲੈ ਸਕਦੇ ਹਨ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਿ਼ਲ੍ਹਾ ਬਾਲ ਸੁਰੱਖਿਆ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਬਾਲ ਮਜ਼ਦੂਰੀ, ਬਾਲ ਜਿਣਸੀ ਸ਼ੋਸ਼ਣ ਐਕਟ—2012 ਅਤੇ ਚਾਈਲਡ ਹੈਲਪਲਾਈਨ 1098 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਸੰਜੀਵਨੀ ਸੋਸਾਇਟੀ ਦੇ ਪ੍ਰਾਜੈਕਟ ਚੇਅਰਮੈਨ ਸ੍ਰੀ ਨਿਰੰਜਨ ਬੋਹਾ ਨੇ ਦੱਸਿਆ ਕਿ ਘਰ ਵਿਚ ਨਸ਼ਾ ਕਰਨ ਵਾਲਾ ਇਕ ਵਿਅਕਤੀ ਸਾਰੇ ਪਰਿਵਾਰ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ।ਉਨ੍ਹਾਂ ਨਸਿ਼ਆਂ ਦਾ ਤਿਆਗ ਕਰਨ ਅਤੇ ਤੰਦਰੁਸਤ ਜੀਵਨ ਜਿਉਣ ਦੀ ਅਪੀਲ ਕੀਤੀ।ਬਾਲ ਭਲਾਈ ਕਮੇਟੀ ਮਾਨਸਾ ਦੇ ਮੈਂਬਰ ਬਲਦੇਵ ਕੱਕੜ ਨੇ ਕਿਹਾ ਕਿ ਬਾਲ ਭਲਾਈ ਕਮੇਟੀ ਦਾ ਦਫ਼ਤਰ ਸਥਾਨਕ ਬੱਚਤ ਭਵਨ ਵਿਖੇ ਹੈ ਜਿੱਥੇ ਬੱਚੇ ਸਿੱਧੇ ਤੌਰ ਤੇ ਆਪਣੀ ਸਿ਼ਕਾਇਤ ਦਰਜ ਕਰਵਾ ਸਕਦੇ ਹਨ। ਇਸ ਮੌਕੇ ਮੱਲੀ ਵੈਲਫੇਅਰ ਟਰੱਸਟ ਦੇ ਪ੍ਰਧਾਨ ਸ੍ਰੀ ਹਰਪ੍ਰੀਤ ਰੂਬਲ ਅਤੇ ਸਕੂਲ ਦੇ ਪ੍ਰਿੰਸੀਪਲ, ਅਧਿਆਪਕ ਅਤੇ ਬੱਚੇ ਹਾਜ਼ਰ ਸਨ।























