

ਮਾਨਸਾ, 29 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਬੱਚਿਆਂ ਦੇ ਅਧਿਕਾਰਾਂ ਸਬੰਧੀ ਚਾਈਲਡ ਲਾਈਨ 1098, ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਅਤੇ ਸਰਕਾਰੀ ਸੈਕੰਡਰੀ ਸਕੂਲ ਆਹਲੂਪੁਰ ਦੇ ਸਹਿਯੋਗ ਅੱਜ ਪਿੰਡ ਆਹਲੂਪੁਰ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ, ਜਿਸਨੂੰ ਵਿਕਰਮਜੀਤ ਸਿੰਘ (ਸਬ-ਇੰਸਪੈਕਟਰ)ਥਾਣਾ ਸਰਦੂਲਗੜ੍ਹ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਅਜੈ ਤਾਇਲ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵਿਕਰਮਜੀਤ ਸਿੰਘ (ਸਬ-ਇੰਸਪੈਕਟਰ) ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਬੱਚਿਆਂ ਪ੍ਰਤੀ ਅਧਿਕਾਰਾਂ ਤੋਂ ਸੁਚੇਤ ਰਹਿਣਾ ਚਾਹੀਦਾ, ਤਾਂ ਜੋ ਕਿਸੇ ਬੱਚੇ ਨਾਲ ਕੋਈ ਘਟਨਾ ਨਾ ਵਾਪਰੇ। ਬਾਲ ਮਜ਼ਦੂਰੀ, ਬਾਲ ਸੋਸ਼ਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਾਨੂੰ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ।ਜਿਲ੍ਹਾ ਬਾਲ ਸੁਰੱਖਿਆ ਅਫਸਰ ਡਾ.ਅਜੈ ਤਾਇਲ ਨੇ ਬੱਚਿਆਂ ਨੂੰ ਜੁਵੇਨਾਇਲ ਜਸਟਿਸ ਐਕਟ 2015 ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦਾ ਸਮਾਜ ਨਸ਼ਾ ਕਰਨਾ ਆਪਣੀ ਸ਼ਾਨ ਸਮਝਣ ਲੱਗ ਪਿਆ ਹੈ। ਸਾਨੂੰ ਇਸ ਵੱਲ ਨਾ ਜਾਂਦੇ ਹੋਏ ਉਚੇਰੀ ਸਿੱਖਿਆ ਦੀ ਤਰਫ ਵਧਣਾ ਚਾਹੀਦਾ ਹੈ ਅਤੇ ਬੱਚਿਆਂ ਦੇ ਨਾਲ ਹੋ ਰਹੇ ਅਪਰਾਧਾਂ ਨੂੰ ਰੋਕਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਬਾਲ ਵਿਆਹ ਰੋਕੂ ਐਕਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਆਹ ਦੀ ਉਮਰ ਘੱਟੋ ਘੱਟ ਲੜਕੀ ਲਈ 18 ਸਾਲ ਅਤੇ ਲੜਕੇ ਲਈ 21 ਹੋਣੀ ਚਾਹੀਦੀ ਹੈ। ਯੌਨ ਸ਼ੋਸ਼ਣ ਦੇ ਕੇਸਾਂ ਸਬੰਧੀ ਬਾਲ ਸੁਰੱਖਿਆ ਦਫ਼ਤਰ, ਚਾਈਲਡ ਹੈਲਪਲਾਈਨ ਨੰਬਰ 1098 ਅਤੇ ਪੁਲਿਸ ਕੋਲ ਸੂਚਨਾ ਦਿੱਤੀ ਜਾ ਸਕਦੀ ਹੈ। ਗੁਰਦੇਵ ਸਿੰਘ ( ਟੀਮ ਮੈਂਬਰ ਚਾਈਲਡ ਹੈਲਪ ਲਾਈਨ 1098 ਮਾਨਸਾ) ਨੇ ਚਾਈਲਡ ਹੈਲਪ ਲਾਈਨ ਬਾਰੇ ਬੱਚਿਆਂ ਨੂੰ ਦੱਸਿਆ ਕਿ ਕਿਸੇ ਵੀ ਬੱਚੇ ਨਾਲ ਕਿਸੇ ਵੀ ਤਰਾਂ ਦਾ ਸ਼ੋਸ਼ਣ ਹੁੰਦਾ ਹੈ ਤਾਂ ਉਹ ਬੱਚਾ ਬਿਨਾਂ ਕਿਸੇ ਡਰ 1098 ਨੰਬਰ ਤੇ ਕਾਲ ਕਰ ਸਕਦਾ ਹੈ। ਚਾਈਲਡ ਲਾਈਨ ਵੱਲੋਂ ਸ਼ਿਕਾਇਤਕਰਤਾ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਓਮ ਪ੍ਰਕਾਸ਼ (ਹੈੱਡ ਟੀਚਰ) ਨੇ ਦੱਸਿਆ ਕਿ ਇਸ ਤਰਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਪਤਾ ਲੱਗ ਸਕੇ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।























