ਇਸ ਸਾਲ ਪੰਜਾਬ ਵਿੱਚ ਕਾਟਨ ਅਧੀਨ 4 ਲੱਖ ਹੈੱਕਟੇਅਰ ਰਕਬਾ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ : ਡਾਇਰੈਕਟਰ ਖੇਤੀਬਾੜੀ

0
19

ਮਾਨਸਾ, 25 ਅਪ੍ਰੈਲ(ਸਾਰਾ ਯਹਾ,(ਬਲਜੀਤ ਸ਼ਰਮਾ) : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਤੰਤਰ ਕੁਮਾਰ ਐਰੀ ਦੀ ਪ੍ਰਧਾਨਗੀ ਹੇਠ ਦਫਤਰ ਮੁੱਖ ਖੇਤੀਬਾੜੀ ਅਫਸਰ, ਮਾਨਸਾ ਵਿਖੇ ਸਾਲ 2019 ਦੌਰਾਨ ਨਰਮੇ ਦੀ ਫਸਲ ਦੀ ਵਿਉਂਤਬੰਦੀ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਡਾ. ਪਰਮਿੰਦਰ ਸਿੰਘ ਸੰਯੁਕਤ ਡਾਇਰੈਕਟਰ (ਨਗਦੀ ਫਸਲਾਂ), ਪੰਜਾਬ ਨਰਮੇ ਦੀ ਪੱਟੀ ਵਾਲੇ 8 ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫਸਰਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਭਾਗ ਲਿਆ।  ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਡਾ. ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਇਸ ਸਾਲ ਪੰਜਾਬ ਵਿੱਚ ਕਾਟਨ ਅਧੀਨ 4 ਲੱਖ ਹੈੱਕਟੇਅਰ ਰਕਬਾ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਲਈ ਉਨ੍ਹਾਂ ਕਿਹਾ ਕਿ ਸਮੂਹ ਜ਼ਿਲ੍ਹੇ ਇਸ ਟੀਚੇ ਨੂੰ ਪੂਰਾ ਕਰਨ ਲਈ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੂੰ ਨਰਮੇ ਦੀ ਕਾਸ਼ਤ ਵਧਾਉਣ ਸਬੰਧੀ ਉਤਸ਼ਾਹਿਤ ਕਰਨ। ਇਸ ਤੋਂ ਇਲਾਵਾ ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਮੀਟਿੰਗ ਵਿੱਚ ਹਾਜ਼ਰ ਮੁੱਖ ਖੇਤੀਬਾੜੀ ਅਫਸਰਾਂ ਨੂੰ ਕਿਹਾ ਕਿ ਕਿਸਾਨਾਂ ਨੂੰ ਨਰਮੇ ਦਾ ਮਿਆਰੀ ਬੀਜ ਮੁਹੱਈਆ ਕਰਵਾਉਣ ਲਈ ਡੀਲਰਾਂ ਦੀਆਂ ਦੁਕਾਨਾਂ ਦੀ ਨਿਰੰਤਰ ਚੈਕਿੰਗ ਕੀਤੀ ਜਾਵੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੇ ਜ਼ਿਲ੍ਹੇ ਵਿੱਚ ਮਨਜ਼ੂਸ਼ੁਦਾ ਕਿਸਮਾਂ ਦੇ ਬੀਜ ਹੀ ਸਪਲਾਈ ਹੋਣ। ਸੰਯੁਕਤ ਡਾਇਰੈਕਟਰ ਖੇਤੀਬਾੜੀ (ਨਗਦੀ ਫਸਲਾਂ) ਪੰਜਾਬ ਡਾ. ਪਰਮਿੰਦਰ ਸਿੰਘ ਨੇ ਨਰਮੇ ਦੀ ਫਸਲ ਨੂੰ ਕਾਮਯਾਬ ਬਣਾਉਣ ਲਈ ਸੁਝਾਅ ਦਿੰਦੇ ਹੋਏ ਕਿਹਾ ਕਿ ਨਰਮੇ ਦੀ ਕਾਸ਼ਤ ਸਬੰਧੀ ਨੁਕਤਿਆਂ ਨੂੰ ਪਿੰਡਾਂ ਵਿੱਚ ਪੰਜ-ਪੰਜ ਮਿੰਟ ਸਵੇਰੇ ਸ਼ਾਮ ਗੁਰਦਵਾਰਿਆਂ ਦੇ ਸਪੀਕਰਾਂ ਵਿੱਚ ਬੋਲ ਕੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇ।  ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਇਸ ਸਾਲ ਨਰਮੇ ਦੀ ਫਸਲ ਅਧੀਨ ਰਕਬਾ 80000 ਹੈੱਕਟੇਅਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਟੀਮਾਂ ਬਣਾ ਕੇ ਨਿਰੰਤਰ ਰੂਪ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਭਾਗ ਲੈ ਰਹੇ ਡਾ. ਗੁਰਾਦਿੱਤਾ ਸਿੰਘ ਸਿੱਧੂ, ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਕਿਹਾ ਕਿ ਸਾਨੂੰ ਕਾਟਨ ਦੀ ਫਸਲ ਨੂੰ ਕਾਮਯਾਬ ਬਣਾਉਣ ਲਈ ਪਿੰਡਾਂ ਵਿੱਚ ਕੈਂਪ ਲਗਾ ਕੇ ਅਤੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਦੀਆਂ ਕੰਧਾ ਉੱਪਰ ਸਲੋਗਨ ਛਪਵਾ ਕੇ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਾਲ ਬਠਿੰਡਾ ਜ਼ਿਲ੍ਹੇ ਵਿੱਚ ਇਸ ਸਾਲ 1.40 ਲੱਖ ਹੈੱਕਟੇਅਰ ਰਕਬਾ ਨਰਮੇ ਦੀ ਫਸਲ ਅਧੀਨ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪਹੁੰਚੇ ਹੋਏ ਵਿਗਿਆਨੀਆਂ ਨੇ ਨਰਮੇ ਦੀ ਫਸਲ ਨੂੰ ਕਾਮਯਾਬ ਬਣਾਉਣ ਲਈ ਵੱਖ-ਵੱਖ ਤਕਨੀਕੀ ਨੁਕਤਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ। ਡਾ. ਹਰਜੀਤ ਸਿੰਘ ਬਰਾੜ, ਰੀਜ਼ਨਲ ਰਿਸਰਚ ਸੈਂਟਰ ਬਠਿੰਡਾ ਨੇ ਕਿਹਾ ਕਿ ਨਰਮੇ ਦੀ ਫਸਲ ਵਿੱਚ ਕੀੜੇ ਮਕੌੜਿਆਂ ਤੋਂ ਰੋਕਥਾਮ ਲਈ ਇੰਟੀਗਰੇਟ ਪੈਸਟ ਮੈਨੇਜਮੈਂਟ ਤਕਨੀਕਾਂ ਦੀ ਵਰਤੋਂ ਕਰਕੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ। ਇਸ ਮੀਟਿੰਗ ਵਿੱਚ ਡਾ. ਸੁਭਾਸ਼ ਸਿੰਘ ਵਿਗਿਆਨੀ ਰੀਜ਼ਨਲ ਰਿਸਰਚ ਸੈਂਟਰ ਬਠਿੰਡਾ, ਡਾ. ਸੁਸ਼ੀਲ ਕੁਮਾਰ ਮੁੱਖ ਖੇਤੀਬਾੜੀ ਅਫਸਰ ਸੰਗਰੂਰ, ਡਾ. ਜਸਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ, ਬਲਜਿੰਦਰ ਸਿੰਘ ਬਰਾੜ, ਮੁੱਖ ਖੇਤੀਬਾੜੀ ਅਫਸਰ ਮੁਕਤਸਰ, ਡਾ. ਮਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ, ਡਾ. ਕੁਲਵੰਤ ਸਿੰਘ ਭੂਮੀ ਪਰਖ ਅਫਸਰ ਫਰੀਦਕੋਟ, ਡਾ. ਡੂੰਗਰ ਸਿੰਘ ਬਰਾੜ ਬਲਾਕ ਖੇਤੀਬਾੜੀ ਅਫਸਰ ਮਾਨਸਾ, ਡਾ. ਭੀਮ ਅਵਤਾਰ, ਬਲਾਕ ਖੇਤੀਬਾੜੀ ਅਫਸਰ ਭੀਖੀ ਅਤੇ ਮੁੱਖ ਖੇਤੀਬਾੜੀ ਅਫਸਰਾਂ ਨਾਲ ਆਏ ਸਹਾਇਕ ਸਟਾਫ ਨੇ ਹਿੱਸਾ ਲਿਆ।

LEAVE A REPLY

Please enter your comment!
Please enter your name here