

ਸਰਦੂਲਗੜ੍ਹ,(ਸਾਰਾ ਯਹਾ,(ਬਲਜੀਤ ਪਾਲ) 17 ਅਪੈ੍ਲ ਜੋ ਕੰਮ ਸਰਕਾਰ ਤੇ ਪ੍ਰਸ਼ਾਸਨ ਨਹੀਂ ਕਰ ਸਕਿਆ। ਉਹ ਪਿੰਡ ਕੁਸਲਾ ਦੇ ਉੱਦਮੀ ਨੌਜਵਾਨਾਂ ਨੇ ਕਰ ਵਿਖਾਇਆ ਹੈ। ਹਰ ਸਾਲ ਕਿਸਾਨਾਂ ਦੀ ਸੈਕੜੇ ਏਕੜ ਕਣਕ ਦੀ ਫਸਲ ਅੱਗ ਦੀ ਭੇਟ ਚੜ੍ਹ ਜਾਂਦੀ ਸੀ। ਇਸ ਸਮੱਸਿਆ ਦੇ ਹੱਲ ਲਈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧਾਂ ਦੀ ਘਾਟ ਨੂੰ ਵੇਖਦਿਆਂ ਸਰਦੂਲਗੜ੍ਹ ਦੇ ਪਿੰਡ ਕੁਸਲਾ ਦੇ ਨੌਜਵਾਨਾਂ ਨੇ ਆਪਣੀ ਪਿੰਡ ਦੀ ਹੀ ਫਾਇਰ ਬਿਗਰੇਡ ਦਾ ਪ੍ਰਬੰਧ ਕਰ ਲਿਆ ਹੈ ਤਾਂ ਕਿ ਸਮੇਂ ਸਿਰ ਅੱਗ ਤੇ ਕਾਬੂ ਪਾਕੇ ਅੱਗ ਲੱਗਣ ਵਰਗੀਆਂ ਘਟਨਾਵਾਂ ਨਾਲ ਹੁੰਦੇ ਨੁਕਸਾਨ ਨੂੰ ਰੋਕਿਆ ਜਾ ਸਕੇ। ਮਾਸਟਰ ਸਰਦੂਲ ਸਿੰਘ ਮੈਮੋਰੀਅਲ ਟਰੱਸਟ ਕੁਸਲਾ ਦੇ ਪ੍ਰਧਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਹਰ ਸਾਲ ਅੱਗ ਲੱਗਣ ਨਾਲ ਹੁੰਦੀਆਂ ਘਟਨਾਵਾਂ ਚ ਹੁੰਦੇ ਭਾਰੀ ਨੁਕਸਾਨ ਨੂੰ ਵੇਖਦਿਆਂ ਪਿੰਡ ਦੇ ਨੌਜਵਾਨਾਂ ਨੇ ਇੱਕ ਛੇ ਮੈਬਰੀ ਕਮੇਟੀ ਜਿਸ ਵਿਚ ਰਮਨਦੀਪ ਸਿੰਘ, ਗੁਰਮੀਤ ਸਿੰਘ, ਹਰਗੋਬਿੰਦ ਸਿੰਘ ਫੌਜੀ, ਸਾਬਕਾ ਪੰਚ ਜਸਵੀਰ ਸਿੰਘ, ਗਗਨਦੀਪ ਸਿੰਘ ਗੋਗੀ, ਸੁਖਵਿੰਦਰ ਸਿੰਘ ਸੁਖੀ ਸਾਮਲ ਹਨ ਬਣਾਈ ਹੈ। ਪਿੰਡ ਦਾ ਸਾਂਝਾ ਇਕੱਠ ਕਰਕੇ ਫੈਸਲਾ ਲਿਆ ਕਿ ਪ੍ਰਤੀ ਏਕੜ 50 ਰੁਪਏ ਫੰਡ ਇਕੱਠਾ ਕੀਤਾ ਜਾਵੇ ਤੇ ਪਿੰਡ ਦੀ ਆਪਣੀ ਫਾਇਰ ਬਿਗਰੇਡ ਦਾ ਪ੍ਰਬੰਧ ਕੀਤਾ ਜਾਵੇ। ਸਮੂਹ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਇੱਕ ਲੱਖ ਰੁਪਏ ਖਰਚਕੇ ਮਲੇਰਕੋਟਲਾ ਤੋ ਦੇਸੀ ਫਾਇਰ ਬਿਗਰੇਡ ਤਿਆਰ ਕਰਵਾਈ ਹੈ। ਜਿਸ ਵਿਚ 6000 ਲੀਟਰ ਪਾਣੀ ਦੀ ਸਮਰਥਾ ਵਾਲਾ ਟੈੰਕ ਜਿਸ ਤੇ ਇੱਕ ਪੰਪ ਸੈਂਟ ਤੇ ਡੀਜ਼ਲ ਇੰਜਨ ਲਗਾਇਆ ਗਿਆ ਹੈ। ਇਹ ਦੇਸੀ ਫਾਇਰ ਬਿਗਰੇਡ ਪਿੰਡ ਕੁਸਲਾ ਦੀ ਅਨਾਜ ਮੰਡੀ ਚ ਹਰ ਸਮੇਂ ਤਿਆਰ ਖੜੀ ਰਹਿੰਦੀ ਹੈ। ਜਿਸ ਤੇ ਇੱਕ ਵਿਅਕਤੀ ਦੀ ਹਰ ਸਮੇ ਡਿਊਟੀ ਹੁੰਦੀ ਹੈ ਅਗਰ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਮੌਕੇ ਤੇ ਪਹੁੰਚਕੇ ਅੱਗ ਤੇ ਕਾਬੂ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਸੀਂ ਪਿੰਡ ਦੀ ਲੋਕਲ ਗੁਰਦੁਆਰਾ ਕਮੇਟੀ, ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਚ ਨਸ਼ੇ ਆਦਿ ਵੇਚਣ ਤੇ ਵਰਤੋਂ ਕਰਨ ਤੇ ਪੂਰਨ ਮਨਾਹੀ, ਫਾਲਤੂ ਦੇ ਰੀਤੀ ਰਿਵਾਜਾਂ ਅਤੇ ਸਮਾਜਿਕ ਬੁਰਾਈਆਂ ਖਿਲਾਫ ਵੀ ਮਤਾ ਪਾਸ ਕੀਤਾ ਹੋਇਆਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਝੋਨੇ ਸਮੇਂ ਨਮੀ ਦੀ ਮਾਤਰਾ ਨੂੰ ਲੈਕੇ ਹੁੰਦੀ ਲੁੱਟ ਨੂੰ ਰੋਕਣ ਲਈ ਵੀ ਅਸੀਂ 2200 ਹਜ਼ਾਰ ਰੁਪਏ ਖਰਚਕੇ ਪਿੰਡ ਦਾ ਆਪਣਾ ਨਮੀ ਮਾਪਕ ਯੰਤਰ ਖਰੀਦਿਆ ਹੈ ਤਾਂ ਕਿ ਕਿਸਾਨਾਂ ਨਾਲ ਨਮੀ ਦੀ ਮਾਤਰਾ ਨੂੰ ਲੈਕੇ ਕੋਈ ਧੋਖਾ ਨਾ ਹੋਵੇ। ਪਿੰਡ ਦੇ ਇੰਨ੍ਹਾਂ ਨੌਜਵਾਨਾਂ ਦੇ ਇਸ ਉੱਦਮ ਦੀ ਨੈੜਲੇ ਪਿੰਡਾਂ ਚ ਵੀ ਪ੍ਰਸੰਸਾ ਹੋ ਰਹੀ ਹੈ। ਇੰਨ੍ਹਾਂ ਉੱਦਮੀ ਨੌਜਵਾਨਾਂ ਤੇ ਪਿੰਡ ਵਾਸੀਆਂ ਦੀ ਪਹਿਲ ਕਦਮੀ ਤੋਂ ਪ੍ਰੇਰਣਾ ਲੈਕੇ ਦੂਸਰੇ ਪਿੰਡਾਂ ਦੇ ਨੌਜਵਾਨ ਤੇ ਪਿੰਡ ਵਾਸੀ ਵੀ ਅਜਿਹੇ ਕੰਮਾਂ ਨੂੰ ਆਪਣੇ ਪਿੰਡ ਚ ਕਰਨ ਬਾਰੇ ਮਨ ਬਣਾ ਰਹੇ ਹਨ। ਇਸ ਮੌਕੇ ਗੁਰਦੀਪ ਸਿੰਘ ਪੰਚ, ਸੁਖਜਿੰਦਰ ਸਿੰਘ ਪੰਚ, ਸੁਖਦੇਵ ਸਿੰਘ ਆਦਿ ਹਾਜਰ ਸਨ।























