

ਮਾਨਸਾ, 09 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ): ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਡਾ. ਲਾਲ ਚੰਦ ਠਕਰਾਲ ਸਿਵਲ ਸਰਜਨ ਮਾਨਸਾ ਦੇ ਨਿਰਦੇਸ਼ਾਂ ਅਨੁਸਾਰ ਵਿਸ਼ਵ ਸਿਹਤ ਦਿਵਸ ਤਹਿਤ ਸਥਾਨਕ ਨਹਿਰੂ ਕਾਲਜ ਮਾਨਸਾ ਵਿਖੇ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ ਕੀਤਾ ਗਿਆ।ਇਸ ਮੌਕੇ ਕਾਲਜ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹਰਬੰਸ ਲਾਲ ਬੀ.ਈ.ਈ. ਨੇ ਦੱਸਿਆ ਕਿ ਜੇਕਰ ਤੁਹਾਡੇ ਕੋਲ ਚੰਗੀ ਸਿਹਤ ਨਾ ਹੋਵੇ ਤਾਂ ਜ਼ਿੰਦਗੀ ਦਾ ਅਰਥ ਖ਼ਤਮ ਹੋ ਜਾਂਦਾ ਹੈ। ਨਾ ਤੁਸੀਂ ਭੋਜਨ ਅਤੇ ਨਾ ਹੀ ਦੁਨੀਆਂ ਦਾ ਆਨੰਦ ਮਾਣ ਸਕਦੇ ਹੋ।ਇੱਕ ਸਿਹਤਮੰਦ ਵਿਅਕਤੀ ਕਿਸੇ ਵੀ ਅਮੀਰ ਪਰ ਅਸਵਸਥ ਵਿਅਕਤੀ ਤੋਂ ਜ਼ਿਆਦਾ ਖ਼ੁਸ਼ਹਾਲ ਅਤੇ ਸ਼ਾਂਤਮਈ ਜੀਵਨ ਬਤੀਤ ਕਰ ਸਕਦਾ ਹੈ।ਇਸੇ ਲਈ ਅਸੀਂ ਕਹਿ ਸਕਦੇ ਹਾਂ ਕਿ ਇੱਕ ਆਦਮੀ ਦੀ ਅਸਲੀ ਜਾਇਦਾਦ ਉਸ ਦੀ ਚੰਗੀ ਸਿਹਤ ਹੁੰਦੀ ਹੈ।
ਸਿਹਤ ਕੇਵਲ ਰੋਗ ਅਤੇ ਕਮਜ਼ੋਰੀ ਤੋਂ ਆਜ਼ਾਦੀ ਦਾ ਨਾਂ ਹੀ ਨਹੀਂ ਹੈ, ਪਰ ਸੰਪੂਰਨ ਸਰੀਰਕ, ਸਮਾਜਿਕ ਅਤੇ ਮਾਨਸਿਕ ਤੰਦਰੁਸਤੀ ਦੀ ਸਥਿਤੀ ਵੀ ਹੈ। ਚੰਗੀ ਸਿਹਤ ਕਿਸੇ ਵਿਅਕਤੀ ਦੇ ਦਿਮਾਗ, ਸਰੀਰ ਅਤੇ ਆਤਮਾ ਦੀ ਉਹ ਸਥਿਤੀ ਹੈ ਜਿਸ ਵਿੱਚ ਉਹ ਕਿਸੇ ਵੀ ਤਰ੍ਹਾਂ ਦੀ ਬਿਮਾਰੀ, ਸੱਟ ਅਤੇ ਦਰਦ ਤੋਂ ਮੁਕਤ ਹੈ। ਜੇ ਤੁਸੀਂ ਮਜ਼ਬੂਤ ਅਤੇ ਤੰਦਰੁਸਤ ਹੋ ਤਾਂ ਤੁਸੀਂ ਦੂਜਿਆਂ ਲਈ ਇੱਕ ਸ਼ਾਨਦਾਰ ਉਦਾਹਰਣ ਬਣ ਸਕਦੇ ਹੋ ਅਤੇ ਉਨ੍ਹਾਂ ਨੂੰ ਵੀ ਸਿਖਾ ਸਕਦੇ ਹੋ ਕਿ ਵਧੀਆ ਸਿਹਤ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਬਿਮਾਰ ਵਿਅਕਤੀ ਅਮੀਰ ਹੋ ਕੇ ਵੀ ਸਿਹਤ ਪੱਖੋਂ ਗਰੀਬ ਹੀ ਰਹਿੰਦਾ ਹੈ। ਚੰਗੀ ਸਿਹਤ ਪ੍ਰਾਪਤ ਕਰਨ ਲਈ, ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰਨੀ ਚਾਹੀਦੀ ਹੈ। ਜੋ ਲੋਕ ਸਿਹਤ ਪ੍ਰਤੀ ਅਵੇਸਲੇ ਰਹਿੰਦੇ ਹਨ ਜਾਂ ਸਿਹਤਮੰਦ ਜੀਵਨ ਸ਼ੈਲੀ ਨੂੰ ਨਹੀਂ ਅਪਣਾਉਂਦੇ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਮੋਟਾਪਾ, ਡਾਇਬੀਟੀਜ਼, ਕੋਲੇਸਟ੍ਰੋਲ, ਗੁਰਦਿਆ ਦੀਆਂ ਸਮੱਸਿਆਵਾਂ, ਜਿਗਰ ਦੀਆਂ ਬਿਮਾਰੀਆਂ ਅਤੇ ਹੋਰ ਕਈ ਤਰ੍ਹਾਂ ਦੀਅਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਚੰਗੀ ਸਿਹਤ ਹੋਣਾ ਵੀ ਪਰਮਾਤਮਾ ਦੀ ਬਹੁਤ ਵੱਡੀ ਬਰਕਤ ਹੀ ਹੰਦੀ ਹੈ। ਚੰਗੀ ਸਿਹਤ ਬਣਾਈ ਰੱਖਣ ਲਈ ਅਨੁਸ਼ਾਸਿਤ ਜੀਵਣ ਜੀਣਾ ਬੇਹੱਦ ਜ਼ਰੂਰੀ ਹੈ। ਸਾਨੂੰ ਹਮੇਸ਼ਾ ਸਧਾਰਨ ਤੇ ਸੰਤੁਲਤ ਆਹਾਰ ਖਾਣਾ ਚਾਹੀਦਾ ਹੈ। ਤੰਦਰੁਸਤ ਸਰੀਰ ਅਤੇ ਤੰਦਰੁਸਤ ਮਨ ਲਈ ਕਸਰਤ ਵੀ ਬਹੁਤ ਮਹੱਤਵਪੂਰਨ ਹੈ। ਇਸ ਲਈ ਸਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਅਤ ਲੰਬੀ ਸੈਰ ਵੀ ਕਰਨੀ ਚਾਹੀਦੀ ਹੈ। ਚੰਗੀ ਨੀਂਦ ਵੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ।
ਸਿਹਤਮੰਦ ਸਰੀਰ ਸਬੰਧੀ ਨੁਕਤੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸਿਹਤਮੰਦ ਸਰੀਰ ਲਈ ਸਾਫ਼ਸੁਥਰਾ ਵਾਤਾਵਰਣ ਹੋਣਾਂ ਵੀ ਬਹੁਤ ਮਹੱਤਵਪੂਰਨ ਹੈ। ਸਿਹਤਮੰਦ ਜੀਵਨ ਲਈ ਆਪਣੇ ਸ਼ਰੀਰ ਨੂੰ, ਆਪਣੇ ਘਰ ਨੂੰ ਅਤੇ ਆਪਣੇ ਆਲੇਦੁਆਲੇ ਨੂੰ ਸਾਫ਼ਸੁਥਰਾ ਰੱਖਣਾ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਜ਼ਿਆਦਾ ਪਾਣੀ ਪੀਣਾ ਅਤੇ ਖੂਬ ਹੱਸਣਾ ਵੀ ਸ਼ਰੀਰ ਨੂੰ ਤੰਦਰੁਸਤ ਰੱਖਣ ਦਾ ਵਧੀਆ ਤਰੀਕਾ ਹੈ। ਇਸ ਤੋਂ ਇਲਾਵਾ ਸਾਨੂੰ ਸਿਗਰਟਨੋਸ਼ੀ, ਸ਼ਰਾਬ ਪੀਣਾ ਆਦਿ ਬੁਰੀਆਂ ਆਦਤਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇੱਕ ਤੰਦਰੁਸਤ ਵਿਅਕਤੀ ਬਹੁਤ ਸਾਰਾ ਪੈਸਾ ਕਮਾ ਸਕਦਾ ਹੈ ਪਰ ਇੱਕ ਅਸਵਸਥ, ਬਿਮਾਰ ਵਿਅਕਤੀ ਪ੍ਰੇਰਣਾ, ਦਿਲਚਸਪੀ ਅਤੇ ਤਾਕਤ ਦੀ ਘਾਟ ਕਾਰਨ ਇਹ ਸਭ ਕੁਝ ਨਹੀਂ ਕਰ ਪਾਉਂਦਾ। ਧਨ ਜੀਵਨ ਜਿਉਣ ਲਈ ਬਹੁਤ ਜ਼ਰੂਰੀ ਹੈ ਪਰ ਚੰਗੀ ਸਿਹਤ ਇੱਕ ਖੁਸ਼ਹਾਲ ਜੀਵਨ ਜੀਉਣ ਦਾ ਸੋਮਾ ਹੈ। ਇਸ ਲਈ ਚੰਗੀ ਸਿਹਤ ਹੋਣਾ ਪੈਸਿਆਂ ਨਾਲੋਂ ਵੀ ਜ਼ਿਆਦਾ ਮਹੱਤਵਪੂਰਣ ਹੈ। ਚੰਗੀ ਸਿਹਤ ਨੂੰ ਕਾਇਮ ਰੱਖਣਾ ਹੀ ਅਸਲ ਧਨ ਹੈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਨ ਲਈ ਪ੍ਰੋ: ਸੁਪਨਦੀਪ ਕੌਰ ਪ੍ਰੋ: ਰਵਿੰਦਰ ਸਿੰਘ ਅਤੇ ਸੋਨਮ ਦਾ ਵਿਸ਼ੇਸ਼ ਯੋਗਦਾਨ ਰਿਹਾ।























