ਪੰਜਾਬ ਰਾਜ ਖੇਡਾਂ ਅੰਡਰ 25 ਔਰਤਾਂ : 24 ਮਾਰਚ ਤੋਂ 27 ਮਾਰਚ ਤੱਕ 2400 ਖਿਡਾਰਣਾਂ ਮਾਨਸਾ ਵਿਖੇ 12 ਖੇਡਾਂ ‘ਚ ਲੈਣਗੀਆਂ ਭਾਗ : ਡੀਸੀ

0
20

ਮਾਨਸਾ, 15 ਮਾਰਚ(ਸਾਰਾ ਯਹਾ,(ਬਲਜੀਤ ਸ਼ਰਮਾ) : ਪੰਜਾਬ ਰਾਜ ਖੇਡਾਂ ਅੰਡਰ 25 ਔਰਤਾਂ 24 ਮਾਰਚ ਤੋਂ 27 ਮਾਰਚ 2019 ਤੱਕ ਮਾਨਸਾ ਵਿਖੇ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ 2400 ਖਿਡਾਰਣਾਂ ਅਤੇ 400 ਕੋਚ ਹਿੱਸਾ ਲੈ ਰਹੇ ਹਨ। ਖਿਡਾਰੀ 12 ਵੱਖ-ਵੱਖ ਖੇਡਾਂ ‘ਚ ਭਾਗ ਲੈਣਗੇ। ਇਸ ਦੀ ਰਸਮੀ ਸ਼ੁਰੂਆਤ 24 ਮਾਰਚ ਨੂੰ ਬਹੁਮੰਤਵੀ ਖੇਡ ਸਟੇਡੀਅਮ ਨਹਿਰੂ ਮੈਮੋਰੀਅਲ ਕਾਲਜ ਵਿਖੇ ਕੀਤੀ ਜਾਵੇਗੀ। ਜਿੱਥੇ ਸਾਰੇ ਖਿਡਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸਾਰੇ ਅਧਿਕਾਰੀ ਵੀ ਮੌਜੂਦ ਹੋਣਗੇ। ਇਸ ਉਦਘਾਟਨੀ ਸਮਾਰੋਹ ਨੂੰ ਯਾਦਗਾਰ ਬਣਾਉਣ ਲਈ ਗਾਇਕ ਕੁਲਵਿੰਦਰ ਬਿੱਲਾ ਅਤੇ ਪ੍ਰੋਜੈਕਟ ਰਾਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।
             ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਅੱਜ ਖੇਡਾਂ ਦੇ ਪ੍ਰਬੰਧਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੀ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਖੇਡਾਂ ਦੇ ਕੁੰਭ ਮੇਲੇ ‘ਚ ਬਾਕਸਿੰਗ, ਬਾਸਕਟਬਾਲ, ਬੈਡਮਿੰਟਨ, ਕਬੱਡੀ, ਖੋ-ਖੋ, ਫੁੱਟਬਾਲ, ਹੈਂਡਬਾਲ, ਕੁਸ਼ਤੀ, ਜੂਡੋ, ਵਾਲੀਬਾਲ, ਟੇਬਲ ਟੇਨਿਸ ਅਤੇ ਵੇਟ ਲਿਫਟਿੰਗ ਦੇ ਮੈਚ ਕਰਵਾਏ ਜਾਣਗੇ। ਸਾਰੀਆਂ ਖਿਡਾਰਣਾਂ ਦੇ ਰਹਿਣ ਦਾ ਇੰਤਜਾਮ ਮਾਤਾ ਸੁੰਦਰੀ ਗਰਲਜ਼ ਕਾਲਜ ਵਿਖੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਾਨਦਾਰ ਉਦਘਾਟਨੀ ਸਮਾਰੋਹ ‘ਚ 22 ਜ਼ਿਲ੍ਹਿਆਂ ਦੀਆਂ ਖਿਡਾਰਣਾਂ ਮਾਰਚ ਪਾਸਟ ‘ਚ ਭਾਗ ਲੈਣਗੀਆਂ ਅਤੇ ਇਸ ਮੌਕੇ ਪ੍ਰੋਫੈਸ਼ਨਲ ਬਾਕਸਿੰਗ ਨਾਈਟ ਵੀ ਕਰਵਾਈ ਜਾਵੇਗੀ।
             ਉਨ੍ਹਾਂ ਦੱਸਿਆ ਕਿ ਖਿਡਾਰਣਾਂ ਦੀ ਸਹੂਲਤ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਰਹਿਣ ਦੀ ਥਾਂ ਅਤੇ ਖਾਣਾ ਮੁਹੱਈਆ ਕਰਵਾਉਣ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਲਿਜਾਣ ਲਈ ਟ੍ਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਤਰ੍ਹਾਂ ਸਿਵਲ ਸਰਜਨ ਨੂੰ ਹਦਾਇਤ ਦਿੱਤੀ ਗਈ ਕਿ ਉਹ ਨਹਿਰੂ ਮੈਮੋਰੀਅਲ ਕਾਲਜ ਵਿਖੇ ਅਤੇ ਵੱਖ-ਵੱਖ ਮੈਚਾਂ ਵਾਲੀਆਂ ਥਾਂਵਾਂ ਵਿਖੇ ਸਿਹਤ ਟੀਮਾਂ ਤਾਇਨਾਤ ਕਰਨ, ਤਾਂ ਜੋ ਲੋੜ ਪੈਣ ‘ਤੇ ਖਿਡਾਰਣਾਂ ਨੂੰ ਸਮੇਂ ਸਿਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
             ਉਨ੍ਹਾਂ ਦੱਸਿਆ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਖਿਡਾਰਣਾਂ ਨੂੰ ਟ੍ਰੈਕ ਸੂਟ ਵੰਡੇ ਜਾਣਗੇ। ਉਨ੍ਹਾਂ ਹਦਾਇਤ ਦਿੱਤੀ ਕਿ 22 ਮਾਰਚ ਤੱਕ ਲੋੜੀਂਦੇ ਪ੍ਰਬੰਧਾਂ ਦਾ ਇੰਤਜਾਮ ਕਰ ਲਿਆ ਜਾਵੇ, ਤਾਂ ਜੋ ਜੇਕਰ ਪ੍ਰਬੰਧਾਂ ਸਬੰਧੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਸਮੇਂ ਸਿਰ ਹੱਲ ਕੀਤਾ ਜਾ ਸਕੇਗਾ। 
             ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਹਿਰੂ ਮੈਮੋਰੀਅਲ ਕਾਲਜ ਵਿਖੇ ਬੈਡਮਿੰਟਨ, ਬਾਕਸਿੰਗ, ਜੂਡੋ, ਕਬੱਡੀ, ਖੋ-ਖੋ, ਕੁਸ਼ਤੀ, ਵੇਟ ਲਿਫਟਿੰਗ ਅਤੇ ਟੇਬਲ ਟੇਨਿਸ ਦੇ ਮੈਚ ਕਰਵਾਏ ਜਾਣਗੇ। ਇਸ ਤਰ੍ਹਾਂ ਸੈਂਟ ਜੇਵੀਅਰ ਸਕੂਲ ਮਾਨਸਾ ਖੁਰਦ ਵਿਖੇ ਬਾਸਕਿਟਬਾਲ ਦੇ ਮੈਚ ਕਰਵਾਏ ਜਾਣਗੇ। ਖਾਲਸਾ ਸਕੂਲ ਅਤੇ ਗਾਂਧੀ ਸਕੂਲ ਵਿਖੇ ਫੁੱਟਬਾਲ, ਖਾਲਸਾ ਸਕੂਲ ਵਿਖੇ ਹੈਂਡਬਾਲ ਅਤੇ ਵਾਲੀਬਾਲ ਦੇ ਮੈਚ ਗਾਂਧੀ ਸਕੂਲ ਵਿਖੇ ਕਰਵਾਏ ਜਾਣਗੇ।
              ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ, ਐਸ.ਡੀ.ਐਮ. ਮਾਨਸਾ ਸ੍ਰੀ ਅਭਿਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿਤਿਆ ਢਚਵਾਲ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਲਤੀਫ ਅਹਿਮਦ, ਸਹਾਇਕ ਕਮਿਸ਼ਨਰ ਸ੍ਰੀ ਨਵਦੀਪ ਕੁਮਾਰ, ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਐਸ.ਪੀ. ਐਚ. ਸ੍ਰੀ ਮੇਜਰ ਸਿੰਘ ਅਤੇ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ।

LEAVE A REPLY

Please enter your comment!
Please enter your name here