ਮਹਾਂ ਸ਼ਿਵਰਾਤਰੀ ਦੇ ਪਾਵਨ ਤਿਊਹਾਰ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਦੀ ਸ਼ੁਭ ਆਰੰਭਤਾ, ਮੰਦਰ ਨੂੰ ਇਕ ਕਰੋੜ ਰੁਪਏ ਦੇਣ ਦਾ ਐਲਾਨ

0
18

ਅੰਮਿ੍ਰਤਸਰ, 4 ਮਾਰਚ (ਸਾਰਾ ਯਹਾ,(ਬਲਜੀਤ ਸ਼ਰਮਾ) -ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ ਉਤੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਭਾਈਚਾਰਕ ਸਾਂਝ ਤੇੇ ਧਾਰਮਿਕ ਸਦਭਾਵਨਾ ਨਾਲ ਤਿਉਹਾਰ ਮਨਾਉਣੇ ਪੰਜਾਬ ਦੀ ਰਿਵਾਇਤ ਹੈ ਅਤੇ ਇਸ ਮੌਕੇ ਸ੍ਰੀ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਦਾ ਸ਼ੁਭ ਆਰੰਭ ਕਰਨ ਦਾ  ਸੁਭਾਗ ਮੈਨੂੰ ਪ੍ਰਾਪਤ ਹੋ ਰਿਹਾ ਹੈ। ਉਨਾਂ ਇਸ ਮੌਕੇ ਸਰੋਵਰ ਵਿਚ ਟੱਪ ਲਗਾ ਕੇ ਕਾਰ ਸੇਵਾ ਦੀ ਆਰੰਭਤਾ ਕੀਤੀ।
ਦੱਸਣਯੋਗ ਹੈ ਕਿ ਸਰੋਵਰ ਦੀ ਇਹ ਤੀਸਰੀ ਕਾਰ ਸੇਵਾ ਹੈ, ਇਸ ਤੋਂ ਪਹਿਲਾਂ 1975 ਅਤੇ 1999 ਵਿਚ ਇਹ ਸੇਵਾ ਕੀਤੀ ਜਾ ਚੁੱਕੀ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਆਸ ਕੀਤੀ ਜਾ ਰਹੀ ਹੈ।
ਉਨਾਂ ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦੇ ਮੰਦਰ ਦੇ ਵਿਕਾਸ ਲਈ ਇਕ ਕਰੋੜ ਰੁਪਏ ਦੇਣ ਦਾ ਐਲਾਨ ਕਰਦੇ ਮੰਦਰ ਦੀਆਂ ਲੋੜਾਂ ਲਈ ਟਰੱਸਟ ਦੀ ਮੰਗ ਉਤੇ ਹੋਰ ਜ਼ਮੀਨ ਦੇਣ ਦਾ ਭਰੋਸਾ ਵੀ ਸਰਕਾਰ ਵੱਲੋਂ ਦਿੱਤਾ। ਮੁੱਖ ਮੰਤਰੀ ਨੇ ਇਸ ਮੌਕੇ ਖੁਸ਼ੀ ਦਾ ਇਜਹਾਰ ਕਰਦੇ ਦੱਸਿਆ ਕਿ ਸਾਡੀ ਸਰਕਾਰ ਨੇ ਲੰਗਰ ਉਤੇ ਲੱਗਦੇ ਜੀ ਐਸ ਟੀ ਨੂੰ ਮੁਆਫ ਕੀਤਾ ਸੀ, ਜਿਸ ਕਾਰਨ ਕੇਂਦਰ ਸਰਕਾਰ ਨੂੰ ਵੀ ਇਹ ਟੈਕਸ ਮੁਆਫ ਕਰਨਾ ਪਿਆ ਅਤੇ ਅੱਜ ਇਹ ਲੰਗਰ ਲੋਕਾਂ ਦੀਆਂ ਖੁਰਾਕੀ ਲੋੜਾਂ ਪੂਰੀਆਂ ਕਰ ਰਿਹਾ ਹੈ। ਉਨਾਂ ਰਾਜ ਦੀ ਸਾਂਤੀ ਤੇ ਸਦਭਾਵਨਾ ਨੂੰ ਖਤਮ ਕਰਨ ਦੀਆਂ ਚੱਲ ਰਹੀਆਂ ਚਾਲਾਂ ਉਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਰਾਜ ਸਰਕਾਰ ਇਹ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ ਅਤੇ ਅਜਿਹੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ੍ਰੀ ਦੁਰਗਿਆਣਾ ਮੰਦਰ ਵਿਚ ਮੱਥਾ ਟੇਕਿਆ ਅਤੇ ਰਾਜ ਦੀ ਸਾਂਤੀ, ਸਦਭਾਵਨਾ ਤੇ ਸਮੁੱਚੇ ਵਿਕਾਸ ਲਈ ਅਰਦਾਸ ਕੀਤੀ। ਮੰਦਰ ਕਮੇਟੀ ਵੱਲੋਂ ਪ੍ਰਧਾਨ ਸ੍ਰੀ ਰਮੇਸ਼ ਚੰਦਰ ਸ਼ਰਮਾ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਦੱਸਿਆ ਕਿ ਅੱਜ 20 ਸਾਲ ਦੇ ਅਰਸੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਾਰ ਸੇਵਾ ਸ਼ੁਰੂ ਕਰਨ ਦਾ ਸੁਭਾਗ ਮਿਲਿਆ ਹੈ ਅਤੇ ਇਸ ਮੰਦਰ ਦੀ ਸਥਾਪਨਾ 1925 ਵਿਚ ਦੁਸਿਹਰੇ ਵਾਲੇ ਦਿਨ ਪੰਡਿਤ ਮਦਨ ਮੌਹਨ ਮਾਲਵੀਆ ਦੁਆਰਾ ਨੀਂਹ ਪੱਥਰ ਰੱਖਕੇ ਕੀਤੀ ਗਈ ਸੀ ਅਤੇ ਇੱਥੇ ਦੁਰਗਾ ਮਾਤਾ, ਸੀਤਾ ਮਾਤਾ ਅਤੇ ਸ੍ਰੀ ਹੰਨੂਮਾਨ ਜੀ ਦਾ ਮੰਦਰ ਹੈ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਮਾਲ ਤੇ ਸਿੰਚਾਈ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ, ਕਮਿਸ਼ਨਰ ਪੁਲਿਸ ਸ੍ਰੀ ਐਸ ਸ੍ਰੀਵਾਸਤਵਾ, ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ, ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸ੍ਰੀ ਸੁਨੀਲ ਦੱਤੀ, ਸੀਨੀਅਰ ਡਿਪਟੀ ਮੇਅਰ ਸ੍ਰੀ ਰਮਨ ਬਖਸ਼ੀ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਯੂਥ ਆਗੂ ਗੁਰਦੇਵ ਸਿੰਘ ਝੀਤਾ ਵੀ ਹਾਜ਼ਰ ਸਨ।


EDITED BY : SARA YAHA | | Last Updated : 7:44 pm 4 ਮਾਰਚ 2019

LEAVE A REPLY

Please enter your comment!
Please enter your name here