

ਲੁਧਿਆਣਾ(ਸਾਰਾ ਯਹਾ ): ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ 8ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ 12 ਮਈ ਤੋਂ 2 ਜੂਨ ਤਕ ਖੇਡ ਕੰਪਲੈਕਸ ਜਰਖੜ ਵਿਖੇ ਕਰਾਇਆ ਜਾਵੇਗਾ। 12 ਮਈ ਨੂੰ ਟੂਰਨਾਮੈਂਟ ਦਾ ਉਦਘਾਟਨ ਸਾਬਕਾ ਕੌਮੀ ਹਾਕੀ ਖਿਡਾਰੀ ਇਕਬਾਲ ਸਿੰਘ ਸੰਧੂ ਸਹਾਇਕ ਡਿਪਟੀ ਕਮਿਸ਼ਨਰ ਲੁਧਿਆਣਾ ਕਰਨਗੇ। ਟੂਰਨਾਮੈਂਟ ਦਾ ਮੁੱਖ ਮਕਸਦ ਸੀਨੀਅਰ ਖਿਡਾਰੀਆਂ ਨੂੰ ਹਾਕੀ ਨਾਲ ਜੋੜੀ ਰੱਖਣਾ ਅਤੇ ਜੂਨੀਅਰ ਖਿਡਾਰੀਆਂ ਨੂੰ ਹਾਕੀ ਪ੍ਰਤੀ ਉਤਸ਼ਾਹਿਤ ਕਰਨਾ ਹੈ।
ਟੂਰਨਾਮੈਂਟ ਦੇ ਸੀਨੀਅਰ ਵਰਗ ’ਚ (35 ਸਾਲ ਤੋਂ ਉੱਪਰ) ਦੀਆਂ 8 ਤੇ ਜੂਨੀਅਰ ਵਰਗ ਅੰਡਰ 17 ’ਚ 6 ਟੀਮਾਂ ਹਿੱਸਾ ਲੈਣਗੀਆਂ। ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਫੈਸਟੀਵਲ ਦੇ ਸਾਰੇ ਮੈਚ ਹਫ਼ਤਾਵਰੀ ਸ਼ਨੀਵਾਰ ਤੇ ਐਤਵਾਰ ਨੂੰ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਹੋਣਗੇ।
ਸੀਨੀਅਰ ਵਰਗ ’ਚ ਕੋਚ ਇੰਦਰਜੀਤ ਸਿੰਘ ਗਿੱਲ ਇਲੈਵਨ ਪਟਿਆਲਾ, ਸ਼ਹੀਦ ਊਧਮ ਸਿੰਘ ਕਲੱਬ ਸੁਨਾਮ, ਨੀਟ੍ਹਾ ਕਲੱਬ ਰਾਮਪੁਰ, ਅਕਾਲਗੜ੍ਹ ਇਲੈਵਨ, ਤਾਜ ਰਿਜ਼ੋਰਟ ਕਲੱਬ ਜਰਖੜ, ਹਰਪਾਲ ਕਲੱਬ ਕਿਲ੍ਹਾ ਰਾਏਪੁਰ, ਗੁਰੂ ਗੋਬਿੰਦ ਸਿੰਘ ਕਲੱਬ ਮੋਗਾ, ਮਾਸਟਰ ਰਾਮ ਸਿੰਘ ਕਲੱਬ ਚਚਰਾੜੀ ਹਿੱਸਾ ਲੈਣਗੀਆਂ।
ਜੂਨੀਅਰ ਵਰਗ ਵਿਚ ਪਿਛਲੇ ਸਾਲ ਦੀ ਚੈਂਪੀਅਨ ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ, ਉਪ-ਜੇਤੂ ਜਰਖੜ ਅਕੈਡਮੀ, ਰਾਮਪੁਰ ਕੋਚਿੰਗ ਸੈਂਟਰ, ਰਣਧੀਰ ਸਿੰਘ ਧੀਰਾ ਅਕੈਡਮੀ ਧਮੋਟ, ਘਵੱਦੀ ਸਕੂਲ, ਬਹਾਦੁਰਗੜ੍ਹ ਅਕੈਡਮੀ ਹਿੱਸਾ ਲੈਣਗੀਆਂ।
FIRST PUBLISHED BY: SARA YAHA


















