

ਮਾਨਸਾ, 1 ਨਵੰਬਰ (ਬਲਜੀਤ ਸ਼ਰਮਾ) : ਪੰਜਾਬ ਸਰਕਾਰ ਦੀ ਵਕਾਰੀ ਘਰ-ਘਰ ਰੁਜ਼ਗਾਰ ਸਕੀਮ ਤਹਿਤ ਸੂਬੇ ਦੇ ਨੌਜਵਾਨਾਂ ਨੂੰ ਮਨਮਰਜ਼ੀ ਦੇ ਰੁਜ਼ਗਾਰ ਮੁਹੱਈਆ ਕਰਾਉਣ ਦੇ ਉਦੇਸ਼ ਤਹਿਤ 50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਜ਼ਿਲ੍ਹਾ ਰੁਜ਼ਗਾਰ ਉਤਪਤੀ ਤੇ ਕਾਰੋਬਾਰੀ ਬਿਊਰੋ ਦਫ਼ਤਰ ਦੀ ਇਮਾਰਤ ਦਾ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਨਿਰੀਖਣ ਕੀਤਾ ਅਤੇ 4900 ਵਰਗ ਫ਼ੁਟ ‘ਚ ਤਿਆਰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਮਾਰਤ ਵਿੱਚ ਬਣਾਏ ਗਏ ਵਿਸ਼ੇਸ਼ੀਕ੍ਰਿਤ ਕਮਰਿਆਂ ਦਾ ਜਾਇਜ਼ਾ ਅਤੇ ਕੰਮਕਾਜ ਦੀ ਜਾਣਕਾਰੀ ਲਈ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਸੇਵਾ ਕੇਂਦਰ ਦੀ ਉਪਰਲੀ ਮੰਜ਼ਲ ‘ਤੇ ਸਥਿਤ ਜ਼ਿਲ੍ਹਾ ਰੁਜ਼ਗਾਰ ਬਿਊਰੋ ਦੀ ਇਸ ਇਮਾਰਤ ਨੂੰ 21 ਨਵੰਬਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦਫ਼ਤਰ ਵਿੱਚ ਨੌਜਵਾਨਾਂ ਦੀ ਸੂਬੇ, ਦੇਸ਼ ਅਤੇ ਵਿਦੇਸ਼ਾਂ ਵਿੱਚ ਰੁਜ਼ਗਾਰ ਲਈ ਵਿਸ਼ੇਸ਼ ਕੌਂਸਲਿੰਗ ਕੀਤੀ ਜਾਵੇਗੀ ਅਤੇ ਰੁਜ਼ਗਾਰ ਦੇ ਚਾਹਵਾਨ ਨੌਜਵਾਨਾਂ ਦਾ ਬਾਇਉਡਾਟਾ ਆਨਲਾਈਨ ਅਪਲੋਡ ਕਰਕੇ ਰੱਖਿਆ ਜਾਵੇਗਾ। ਜ਼ਿਲ੍ਹੇ ਦੇ ਸਾਰੇ ਪਿੰਡਾਂ, ਸਕੂਲਾਂ, ਕਾਲਜਾਂ ਅਤੇ ਆਈ.ਟੀ.ਆਈਜ਼ ਤੋਂ ਰੋਜ਼ਾਨਾ 40 ਬੱਚਿਆਂ/ਨੌਜਵਾਨਾਂ ਦਾ ਗਰੁੱਪ ਇਸ ਦਫ਼ਤਰ ਵਿਖੇ ਕੌਂਸਲਿੰਗ ਲੈਣ ਲਈ ਆਵੇਗਾ, ਜਿਨ੍ਹਾਂ ਦੀ ਹਫ਼ਤੇ ਦੇ ਛੇ ਦਿਨ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਜ਼ਿਲ੍ਹਾ ਉਦਯੋਗ ਕੇਂਦਰ, ਕਿਰਤ ਵਿਭਾਗ, ਬੈਕਫ਼ਿੰਕੋ, ਐਸ.ਸੀ. ਕਾਰਪੋਰੇਸ਼ਨ ਤੇ ਪੰਜਾਬ ਹੁਨਰ ਵਿਕਾਸ ਵਿਭਾਗ ਦੇ ਮਾਹਰਾਂ ਅਤੇ ਸਿੱਖਿਆ ਵਿਭਾਗ ਦੇ ਗਾਈਡੈਂਸ ਕੌਂਸਲਰ ਵੱਲੋਂ ਕੌਂਸਲਿੰਗ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਵੈ-ਰੁਜ਼ਗਾਰ ਸਕੀਮਾਂ, ਸਿਖਲਾਈ ਪ੍ਰੋਗਰਾਮਾਂ ਅਤੇ ਰੁਜ਼ਗਾਰ ਲਈ ਕਰਜ਼ਾ ਸਕੀਮਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਬੱਚਿਆਂ ਨੂੰ ਆਨਲਾਈਨ ਫ਼ਾਰਮ ਭਰਨ ਦੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦਫ਼ਤਰ ਵਿਖੇ 16 ਤੋਂ 50 ਸਾਲ ਦਰਮਿਆਨ ਉਮਰ ਦੇ ਚਾਹਵਾਨ ਸਿੱਧੇ ਤੌਰ ‘ਤੇ ਵੀ ਪਹੁੰਚ ਕਰ ਸਕਦੇ ਹਨ।
ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀ ਕ੍ਰਿਸ਼ਨ ਲਾਲ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਦਫ਼ਤਰ ਵਿਖੇ ਰੁਜ਼ਗਾਰ ਦੇ ਚਾਹਵਾਨ ਨੌਜਵਾਨਾਂ ਦੀ ਸਹੂਲਤ ਲਈ ਪੁੱਛਗਿੱਛ ਕੇਂਦਰ, ਰਜਿਸਟ੍ਰੇਸ਼ਨ ਕੇਂਦਰ, ਵੇਟਿੰਗ ਰੂਮ, ਇੰਟਰਵਿਊ ਰੂਮ, ਕਾਨਫ਼ਰੰਸ ਰੂਮ, ਲਾਈਨ ਡਿਪਾਟਰਟਮੈਂਟ ਆਫ਼ੀਸਰ ਸੈਕਸ਼ਨ, ਵਿਦੇਸ਼ੀ ਪ੍ਰਵਾਸ ਅਤੇ ਸਵੈ ਰੁਜ਼ਗਾਰ ਕੇਂਦਰ, ਪਲੇਸਮੈਂਟ ਆਫ਼ੀਸਰ ਤੇ ਕਰੀਅਰ ਕੌਂਸਲਰ ਰੂਮ ਉਚੇਚੇ ਤੌਰ ‘ਤੇ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਥੇ ਆਉਣ ਵਾਲੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀ ਵੈੱਬਸਾਈਟ www.ghargharrozgar.punjab.gov.
ਸ੍ਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਦਫ਼ਤਰ ਵਿਖੇ ਨੌਜਵਾਨਾਂ ਦਾ ਬਾਇਉਡਾਟਾ ਆਨਲਾਈਨ ਅਪਲੋਡ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਜਾਰੀ ਹੈ ਅਤੇ ਰੁਜ਼ਗਾਰਦਾਤਾ ਦੀ ਮੰਗ ਅਨੁਸਾਰ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਮੋਬਾਈਲ ਸੰਦੇਸ਼, ਈ-ਮੇਲ ਅਤੇ ਫ਼ੋਨ ਰਾਹੀਂ ਸੂਚਿਤ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੰਗ ਮੁਤਾਬਕ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਦੀ ਤਿੰਨ ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਇਸ ਅਰਸੇ ਦੌਰਾਨ 125 ਰੁਪਏ ਪ੍ਰਤੀ ਦਿਨ ਤੋਂ ਇਲਾਵਾ ਵਰਦੀ ਅਤੇ ਸਿਖਲਾਈ ਸਮੱਗਰੀ ਮੁਫ਼ਤ ਮੁਹੱਈਆ ਕਰਵਾਈ ਜਾਵੇ।
ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਅਪਨੀ ਰਿਆਤ ਨੇ ਜ਼ਿਲ੍ਹਾ ਰੁਜ਼ਗਾਰ ਬਿਊਰੋ ਦੇ ਸਮੂਹ ਸਟਾਫ਼ ਨੂੰ ਜਿਥੇ ਨਵੇਂ ਦਫ਼ਤਰ ਲਈ ਵਧਾਈ ਦਿੱਤੀ, ਉਥੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦਫ਼ਤਰ ਵਿਖੇ ਕੌਂਸਲਿੰਗ ਲਈ ਆਏ ਮਾਨਸਾ ਦੇ ਸਰਕਾਰੀ ਸਕੂਲ (ਲੜਕਿਆਂ) ਦੇ ਵਿਦਿਆਰਥੀਆਂ ਨੂੰ ਬਿਹਤਰ ਭਵਿੱਖ ਰੁਸ਼ਨਾਉਣ ਲਈ ਆਪਣੀ ਰੁਚੀ ਅਨੁਸਾਰ ਹੁਣੇ ਤੋਂ ਮਨਪਸੰਦ ਦਾ ਖੇਤਰ ਚੁਣ ਕੇ ਉਸ ਮੁਤਾਬਕ ਵਿਉਂਤਬੰਦੀ ਕਰਨ ਲਈ ਕਿਹਾ।
EDITED BY : SARA YAHA | | Last Updated : 7:00 pm 1 ਨਵੰਬਰ 2018























