

ਮੁੰਬਈ (ਸਾਰਾ ਯਹਾ): ਪੰਜਾਬ ਨੈਸ਼ਨਲ ਦੇ 12 ਹਜ਼ਾਰ ਕਰੋੜ ਰੁਪਏ ਲੈ ਕੇ ਫਰਾਰ ਹੋਇਆ ਮੇਹੁਲ ਚੌਕਸੀ ਅਮਰੀਕਾ ਤੋਂ ਭੱਜ ਕੇ ਵੈਸਟਇੰਡੀਜ਼ ਦੇ ਐਂਟੀਗੁਆ ਚਲਾ ਗਿਆ ਹੈ। ਸੁਪਰਦਗੀ ਨੋਟਿਸ ਨਿਕਲਣ ਤੋਂ ਇੱਕ ਦਿਨ ਪਹਿਲਾਂ ਹੀ ਚੌਕਸੀ ਨੇ ਅਮਰੀਕਾ ਛੱਡ ਦਿੱਤਾ ਹੈ। ਅਜਿਹੇ ਵਿੱਚ ਸ਼ੱਕ ਹੈ ਕਿ ਕੀ ਕੋਈ ਅਜਿਹਾ ਵਿਅਕਤੀ ਹੈ ਜੋ ਉਸ ਨੂੰ ਹਰ ਗੱਲ ਦੀ ਸੂਹ ਦੇ ਰਿਹਾ ਹੈ।
ਇਸੇ ਦਰਮਿਆਨ ਮੇਹੁਲ ਚੌਕਸੀ ਨੂੰ ਮੌਬ ਲਿੰਚਿੰਗ ਦਾ ਵੀ ਡਰ ਸਤਾ ਰਿਹਾ ਹੈ। ਉਸ ਨੇ ਇੱਕ ਵਿਸ਼ੇਸ਼ ਅਦਾਲਤ ਵਿੱਚ ਅਪੀਲ ਦਾਇਰ ਕਰਕੇ ਆਪਣੇ ਖਿਲਾਫ ਜਾਰੀ ਗੈਰ-ਜ਼ਮਾਨਤੀ ਵਾਰੰਟ ਰੱਦ ਕਰਨ ਦੀ ਗੁਹਾਰ ਲਾਈ ਹੈ। ਇਸ ਦੇ ਨਾਲ ਹੀ ਉਸ ਨੇ ਖ਼ਦਸ਼ਾ ਜਤਾਇਆ ਹੈ ਕਿ ਜੇ ਉਸ ਨੂੰ ਭਾਰਤ ਲਿਆਂਦਾ ਗਿਆ ਤਾਂ ਲੋਕ ਕੁੱਟ-ਕੁੱਟ ਕੇ ਉਸ ਨੂੰ ਮਾਰ ਦੇਣਗੇ।
ਵਿਸ਼ੇਸ਼ ਅਦਾਲਤ ਵਿੱਚ ਚੌਕਸੀ ਨੇ ਆਪਣੀ ਅਪੀਲ ਵਿੱਚ ਕਿਹਾ ਹੈ ਕਿ ਭਾਰਤ ਵਾਪਸ ਪਰਤਣ ’ਤੇ ਉਸ ਨੂੰ ਨਾ ਸਿਰਫ ਪਹਿਲੇ ਕਰਮਚਾਰੀਆਂ ਤੇ ਕਰਜ਼ਾ ਦੇਣ ਵਾਲਿਆਂ, ਬਲਕਿ ਜੇਲ੍ਹ ਮੁਲਾਜ਼ਮਾਂ ਤੇ ਕੈਦੀਆਂ ਤੋਂ ਵੀ ਜਾਨ ਦਾ ਖ਼ਤਰਾ ਹੋ ਸਕਦਾ ਹੈ।
ਅਪੀਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚੌਕਸੀ ਨੇ ਜਾਂਚ ਤੋਂ ਕਦੀ ਦੂਰੀ ਨਹੀਂ ਬਣਾਈ। ਜਾਂਚ ਏਜੰਸੀਆਂ ਨੇ ਉਸ ਕੋਲੋਂ ਜੋ ਵੀ ਪੁੱਛਿਆ, ਉਸ ਨੇ ਸਭ ਦਾ ਜਵਾਬ ਦਿੱਤਾ ਹੈ। ਅਪੀਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖਰਾਬ ਸਿਹਤ, ਪਾਸਪੋਰਟ ਰੱਦ ਹੋਣ ਤੇ ਉਸ ਦੀ ਜਾਨ ਨੂੰ ਖਤਰਾ ਹੋਣ ਦੀ ਵਜ੍ਹਾ ਕਰਕੇ ਉਹ ਭਾਰਤ ਵਾਪਸ ਨਹੀਂ ਆ ਰਿਹਾ।
ਵਿਸ਼ੇਸ਼ ਪੀਐਮਐਲਏ ਜੱਜ ਐਮ ਐਸ ਆਜ਼ਮੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਚੌਕਸੀ ਦੀ ਅਪੀਲ ’ਤੇ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 18 ਅਗਸਤ ਨੂੰ ਹੋਏਗੀ।
EDITED BY : SARA YAHA | | Last Updated : 4:38 pm 24 JULY 2018























