10 ਤੋਂ 12 ਮਾਰਚ ਤੱਕ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲਿਓ ਰੋਕੂ ਬੂੰਦਾਂ

0
10
Polio file

ਮਾਨਸਾ, 07 ਮਾਰਚ (ਸਾਰਾ ਯਹਾ,(ਹੀਰਾ ਮਿੱਤਲ) : ਪਲਸ ਪੋਲਿਓ ਮੁਹਿੰਮ ਤਹਿਤ 10 ਮਾਰਚ ਤੋਂ 12 ਮਾਰਚ ਤੱਕ ਮਾਨਸਾ ਜ਼ਿਲੇ ਵਿੱਚ 0 ਤੋਂ 5 ਸਾਲ ਤੱਕ ਦੇ 76000 ਦੇ ਕਰੀਬ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਸਬੰਧੀ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਇਸ ਮੁਹਿੰਮ ਦੌਰਾਨ ਕੋਈ ਵੀ ਬੱਚਾ ਪੋਲਿਓ ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।
ਉਨਾਂ ਦੱਸਿਆ ਕਿ ਜ਼ਿਲਾ ਮਾਨਸਾ ਦੀ ਆਬਾਦੀ 7.75 ਲੱਖ ਹੈ ਜਿਸ ਵਿਚ 1.36 ਲੱਖ ਘਰ ਸ਼ਾਮਲ ਹਨ। ਇਨਾਂ ਸਾਰਿਆਂ ਘਰਾਂ ਵਿੱਚ ਮੌਜੂਦ 76000 ਦੇ ਕਰੀਬ ਛੋਟੇ ਬੱਚਿਆਂ ਨੂੰ ਪੋਲਿਓ ਦੀ ਦਵਾ ਪਿਲਾਉਣ ਲਈ 13 ਟਰਾਂਜ਼ਿਟ ਟੀਮਾਂ ਅਤੇ 15 ਮੋਬਾਇਲ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ। ਇਨਾਂ ਟੀਮਾਂ ਦੀ ਨਿਗਰਾਨੀ 76 ਸੁਪਰਵਾਈਜ਼ਰਾਂ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲੇ ਵਿਚ ਚੱਲ ਰਹੇ 149 ਸ਼ੈਲਰ ਅਤੇ 167 ਇੱਟਾਂ ਦੇ ਭੱਠਿਆਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿੱਥੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਰਹਿੰਦੇ ਹਨ। ਇਸ ਤੋਂ ਇਲਾਵਾ ਟੀਮਾਂ ਵੱਲੋਂ ਘਰ-ਘਰ, ਬੱਸ ਸਟੈਂਡ, ਰੇਲਵੇ ਸਟੇਸ਼ਨ, ਫੈਕਟਰੀਆਂ, ਪੋਲਟਰੀ ਫਾਰਮਾਂ, ਝੁੱਗੀ-ਝੌਪੜੀਆਂ ਆਦਿ ਥਾਵਾਂ ‘ਤੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਦੀ ਖੁਰਾਕ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 10 ਮਾਰਚ ਨੂੰ ਵੱਖ-ਵੱਖ ਉਪ ਮੰਡਲ ਮੈਜਿਸਟਰੇਟ ਅਤੇ ਸਰਪੰਚ ਆਪਣੇ ਆਪਣੇ ਇਲਾਕਿਆਂ ਵਿੱਚ ਪੋਲਿਓ ਮੁਹਿੰਮ ਦਾ ਰਸਮੀ ਉਦਘਾਟਨ ਕਰਨਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਉਨਾਂ ਕਿਹਾ ਕਿ ਜਿਹੜੇ ਬੱਚੇ 10 ਮਾਰਚ ਨੂੰ ਪੋਲਿਓ ਬੂਥਾਂ ਤੇ ਦਵਾਈ ਲੈਣ ਲਈ ਨਹੀਂ ਪਹੁੰਚ ਸਕਣਗੇ, ਉਨਾਂ ਲਈ ਪੋਲਿਓ ਬੂੰਦ ਪਿਲਾਉਣ ਦਾ ਪ੍ਰਬੰਧ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ਤੇ ਕੀਤਾ ਗਿਆ ਹੈ। ਟੀਮਾਂ ਵੱਲੋਂ ਘਰ ਘਰ ਜਾ ਕੇ ਵੀ ਇਹ ਦਵਾਈ ਪਿਲਾਈ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਗੁਰਮੀਤ ਸਿੰਘ ਸਿੱੱਧੂ, ਐਸ.ਪੀ.(ਐਚ) ਸ. ਮੇਜਰ ਸਿੰਘ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਜਿਲਾ ਪ੍ਰੋਗਰਾਮ ਅਫਸਰ ਅਵਿਨਾਸ਼ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।


EDITED BY : SARA YAHA | | Last Updated : 7:57 pm 7 ਮਾਰਚ 2019

LEAVE A REPLY

Please enter your comment!
Please enter your name here