ਫ਼ੂਡ ਸੇਫਟੀ ਵਿਭਾਗ ਮਾਨਸਾ ਵੱਲੋਂ 1950 ਲੀਟਰ ਨਕਲੀ ਦੇਸੀ ਘਿਉ ਜ਼ਬਤ

0
116

ਮਾਨਸਾ, 22 ਅਕਤੂਬਰ (ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੇ ਸਨਮੁਖ ਖ਼ੁਰਾਕੀ ਵਸਤਾਂ ਦੇ ਮਿਲਾਵਟਖੋਰਾਂ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਮਾਨਸਾ ਦੇ ਫ਼ੂਡ ਸੇਫਟੀ ਵਿਭਾਗ ਦੀ ਟੀਮ ਨੇ ਬੀਤੀ ਰਾਤ ਮਾਰੇ ਛਾਪੇ ਦੌਰਾਨ 1950 ਲੀਟਰ ਨਕਲੀ ਦੇਸੀ ਘਿਉ ਜ਼ਬਤ ਕੀਤਾ ਹੈ। ਮਾਨਸਾ ਦੇ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਸ੍ਰੀ ਅੰਮ੍ਰਿਤਪਾਲ ਸਿੰਘ ਸੋਢੀ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਸੰਦੀਪ ਸਿੰਘ ਸੰਧੂ ਅਤੇ ਸਟਾਫ ਵੱਲੋਂ ਮਾਨਸਾ-ਸਿਰਸਾ ਰੋਡ ਉੱਤੇ ਝੁਨੀਰ ਵਿਖੇ ਲਾਏ ਨਾਕੇ ਦੌਰਾਨ ਦੇਰ ਰਾਤ ਨਕਲੀ ਘਿਉ ਦੀ ਇਹ ਖੇਪ ਬਰਾਮਦ ਕੀਤੀ ਗਈ। ਸ੍ਰੀ ਸੋਢੀ ਨੇ ਦੱਸਿਆ ਕਿ ਹਰਿਆਣਾ ਵੱਲੋਂ ਆ ਰਹੀ ਮੈਕਸ ਪਿੱਕ ਅੱਪ ਗੱਡੀ ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ ਤਿੰਨ ਵੱਖੋ-ਵੱਖ ਮਾਅਰਕਿਆਂ ਰੌਇਲ ਅਨਮੋਲ ਲਾਈਟ ਦਾ 1152 ਲੀਟਰ, ਸ੍ਰੀ ਮਧੂ ਧਾਰਾ ਦਾ 510 ਲੀਟਰ ਅਤੇ ਕੇਦਾਰ ਬਲੈਂਡਿਡ ਮਾਅਰਕੇ ਦਾ 288 ਲੀਟਰ ਨਕਲੀ ਦੇਸੀ ਘਿਉ ਮਿਲਿਆ। ਉਨ੍ਹਾਂ ਖ਼ਾਸ ਤੌਰ ‘ਤੇ ਦੱਸਿਆ ਕਿ ਇਨ੍ਹਾਂ ਮਾਅਰਕਿਆਂ ਉਪਰ ਲੱਗੇ ਲੇਬਲ ਵੀ ਗੁੰਮਰਾਹ ਕਰਨ ਵਾਲੇ ਪਾਏ ਗਏ ਕਿਉਂ ਜੋ ਲੇਬਲ ਦੇ ਇਕ ਪਾਸੇ ਲਾਈਟ ਤੇ ਦੂਜੇ ਪਾਸੇ ਵਨਸਪਤੀ ਲਿਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਮੌਜੂਦ ਇਸ ਖੇਪ ਦੇ ਮਾਲਕ ਅਜੇ ਕੁਮਾਰ ਵਾਸੀ ਰਾਮਪੁਰਾ ਫੂਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਸਮੱਗਰੀ ਹਰਿਆਣਾ ਦੇ ਫਤਿਹਾਬਾਦ ਤੋਂ ਰਾਮ ਕੁਮਾਰ ਪਵਨ ਕੁਮਾਰ ਟ੍ਰੇਡਿੰਗ ਕੰਪਨੀ ਅਤੇ ਗੌਰਵ ਟ੍ਰੇਡਿੰਗ ਕੰਪਨੀ ਤੋਂ ਲਿਆਂਦੀ ਜਾ ਰਹੀ ਸੀ। ਸ੍ਰੀ ਸੋਢੀ ਨੇ ਦੱਸਿਆ ਕਿ ਘਿਉ ਦੇ ਨਮੂਨੇ ਲੈ ਕੇ ਅਗਲੇਰੀ ਜਾਂਚ ਲਈ ਖਰੜ ਸਥਿਤ ਸਟੇਟ ਫੂਡ ਤੇ ਕੈਮੀਕਲ ਲੈਬਾਰਟਰੀ ਵਿਖੇ ਭੇਜੇ ਗਏ ਹਨ ਅਤੇ ਘਿਉ ਦਾ ਸਟਾਕ ਜ਼ਬਤ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਨਮੂਨਿਆਂ ਦੇ ਨਤੀਜਿਆਂ ਮੁਤਾਬਕ ਖੇਪ ਦੇ ਮਾਲਕ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸ੍ਰੀ ਸੋਢੀ ਨੇ ਦੱਸਿਆ ਕਿ ਅਜਿਹਾ ਘਿਉ ਦੋ ਜਾਂ ਤਿੰਨ ਤਰ੍ਹਾਂ ਦੇ ਖਾਣ ਵਾਲੇ ਤੇਲਾਂ ਦੀ ਮਿਲਾਵਟ ਕਰਕੇ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਦੇਸੀ ਘਿਉ ਕਹਿ ਕੇ ਵੇਚਿਆ ਜਾਂਦਾ ਹੈ, ਜੋ ਗਾਹਕ ਨਾਲ ਸਿੱਧਾ ਧੋਖਾ ਹੈ।


EDITED BY : SARA YAHA | | Last Updated :7:40 pm 22 October 2018

LEAVE A REPLY

Please enter your comment!
Please enter your name here