ਫ਼ਸਲ ਰਹਿੰਦ-ਖੂੰਹਦ ਪ੍ਰਬੰਧਨ ਅਤੇ ਸਿੱਧੀ ਬਿਜਾਈ ਦੀ ਮਸ਼ੀਨਰੀ ਖ਼ਰੀਦਣ ਵਾਸਤੇ ਕਿਸਾਨਾਂ ਨੂੰ 5.24 ਕਰੋੜ ਰੁਪਏ ਦੀ ਸਬਸਿਡੀ ਦਿੱਤੀ: ਮੁੱਖ ਖੇਤੀਬਾੜੀ ਅਫ਼ਸਰ

0
9

ਮਾਨਸਾ, 20 ਨਵੰਬਰ (ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਦੀ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਨਸਾ ਵੱਲੋਂ ਸਾਉਣੀ-2018 ਦੌਰਾਨ ਕਿਸਾਨਾਂ ਅਤੇ ਕਿਸਾਨ ਗਰੁੱਪਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਹੈਪੀ ਸੀਡਰ, ਜ਼ੀਰੋ ਟਿੱਲ ਡਰਿੱਲ, ਸੁਪਰ ਐਸ.ਐਮ.ਐਸ., ਪੈਡੀ ਸਟਰਾਅ, ਚੌਪਰ, ਹਾਈਡਰੌਲਿਕ ਰਿਬਰਸੀਬਲ ਪਲਾਓ ਅਤੇ ਮਲਚਰ ਆਦਿ ਮਸ਼ੀਨਾਂ ਖ਼ਰੀਦਣ ਲਈ 5.24 ਕਰੋੜ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਕਿਸਾਨਾਂ ਨੂੰ ਇਹ ਮਸ਼ੀਨਾਂ 50 ਫ਼ੀਸਦੀ ਅਤੇ ਕਿਸਾਨ ਗਰੁੱਪਾਂ ਨੂੰ 80 ਫ਼ੀਸਦੀ ਸਬਸਿਡੀ ‘ਤੇ ਦਿੱਤੀਆਂ ਗਈਆਂ ਹਨ

ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਸ. ਗੁਰਾਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਹੁਣ ਤੱਕ ਕਿਸਾਨਾਂ ਨੂੰ 435 ਅਤੇ ਕਿਸਾਨ ਗਰੁੱਪਾਂ ਨੂੰ 292 ਹੈਪੀ ਸੀਡਰ ਸਬਸਿਡੀ ‘ਤੇ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪ੍ਰਮੋਸ਼ਨ ਆਫ਼ ਐਗਰੀਕਲਚਰ ਮੈਕੇਨਾਈਜ਼ੇਸ਼ਨ ਫ਼ਾਰ ਇਨ ਸੀ.ਟੂ. ਆਫ਼ ਕਰਾਪ ਰੈਜ਼ੇਡਿਊ ਮੈਨੇਜਮੈਂਟ ਸਕੀਮ ਸਾਲ 2018-19 ਤਹਿਤ ਜ਼ਿਲ੍ਹਾ ਦੇ ਲਾਭਪਾਤਰੀ ਕਿਸਾਨਾਂ ਨੂੰ 75 ਪੈਡੀਸਟਰਾਅ ਚੌਪਰ, 19 ਮਲਚਰ, 27 ਹਾਈਡਰੌਲਿਕ ਰਿਬਰਸੀਬਲ ਪਲਾਓ, 266 ਜ਼ੀਰੋ ਟਿੱਲ ਡਰਿੱਲ, 135 ਸੁਪਰ ਐਸ.ਐਮ.ਐਸ. ਅਤੇ 27 ਰੋਟਾਵੇਟਰ ਸਬਸਿਡੀ ‘ਤੇ ਦਿੱਤੇ ਜਾ ਚੁੱਕੇ ਹਨ ਅਤੇ ਇਸ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 5 ਕਰੋੜ 20 ਲੱਖ ਅਤੇ ਕਿਸਾਨ ਗਰੁੱਪਾਂ ਨੂੰ 3 ਲੱਖ 70 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ, ਜੋ ਸਿੱਧੀ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੀ ਗਈ ਹੈ।
ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਮੁਹਿੰਮ ਤਹਿਤ ਪਿੰਡ ਪੱਧਰ ‘ਤੇ 1200 ਤਕਨੀਕੀ ਕੈਂਪ ਲਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਅਤੇ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਦੇ ਲਾਭ ਬਾਰੇ ਜਾਣਕਾਰੀ ਦਿੱਤੀ ਗਈ। ਵਿਭਾਗ ਵੱਲੋਂ ਪੰਜ ਮੋਬਾਈਲ ਵੈਨਾਂ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ ਚਲਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਲਾਊਡ ਸਪੀਕਰਾਂ ਰਾਹੀਂ ਪ੍ਰੇਰਿਤ ਕੀਤਾ ਗਿਆ। ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਵਿਭਾਗ ਵੱਲੋਂ 32000 ਲੀਫ਼ਲੈਟ ਅਤੇ 8000 ਪੈਂਫ਼ਲੈਟ ਕਿਸਾਨਾਂ ਨੂੰ ਵੰਡੇ ਗਏ ਅਤੇ ਜੀ.ਟੀ. ਰੋਡ ਨਾਲ ਲੱਗਦੇ 15 ਪਿੰਡਾਂ ਦੀਆਂ ਕੰਧਾਂ ਉਪਰ ਨਾਅਰੇ ਲਿਖਵਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੰਦੇਸ਼ ਦਿੱਤਾ ਗਿਆ। ਖੇਤੀਬਾੜੀ ਵਿਭਾਗ ਮਾਨਸਾ ਵੱਲੋਂ ਜ਼ਿਲ੍ਹੇ ਦੇ ਹਰੇਕ ਬਲਾਕ ਵਿੱਚ ਪਰਾਲੀ ਨਾ ਸਾੜਨ ਸਬੰਧੀ ਉਪਰੋਕਤ ਮਸ਼ੀਨਾਂ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਖੇਤਾਂ ਵਿੱਚ ਲਗਭਗ 50 ਪ੍ਰਦਰਸ਼ਨੀਆਂ ਲਾਈਆਂ ਗਈਆਂ, ਜਿਸ ਤੋਂ ਪ੍ਰੇਰਿਤ ਹੋ ਕੇ ਜ਼ਿਲ੍ਹੇ ਦੇ ਕਿਸਾਨਾਂ ਨੇ ਪਿਛਲੇ ਸਾਲ ਨਾਲੋਂ ਇਸ ਵਾਰ ਪਰਾਲੀ ਨੂੰ ਲਗਭਗ 40 ਫ਼ੀਸਦੀ ਘੱਟ ਅੱਗ ਲਾਈ ਗਈ ਹੈ। ਮਾਨਸਾ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਇਨ੍ਹਾਂ ਤਕਨੀਕਾਂ ਦੀ ਜਾਣਕਾਰੀ ਹੋਣ ਤਹਿਤ ਇਸ ਵਾਰ ਹਾੜੀ ਦੀ ਬਿਜਾਈ ਹੈਪੀ ਸੀਡਰ ਅਤੇ ਹੋਰ ਸਬੰਧਤ ਮਸ਼ੀਨਾਂ ਰਾਹੀਂ ਖੜ੍ਹੇ ਕਰਚਿਆਂ ਵਿੱਚ ਅਤੇ ਬਿਨਾਂ ਪਰਾਲੀ ਨੂੰ ਅੱਗ ਲਾਏ ਹੁਣ ਤੱਕ 75 ਫ਼ੀਸਦੀ ਬਿਜਾਈ ਹੋ ਚੁੱਕੀ ਹੈ, ਜਦੋਂ ਕਿ ਪਿਛਲੇ ਸਾਲ ਇਨ੍ਹੀਂ ਦਿਨੀਂ ਤਕਰੀਬਨ 60 ਫ਼ੀਸਦੀ ਬਿਜਾਈ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ 9 ਨਵੰਬਰ ਨੂੰ ਤਹਿਸੀਲ ਪੱਧਰ ਦਾ ਕੈਂਪ ਖੇਤੀਬਾੜੀ ਵਿਭਾਗ ਮਾਨਸਾ ਵਿਖੇ ਲਾਇਆ ਗਿਆ, ਜਿਸ ਵਿੱਚ ਹਾੜੀ ਦੀਆਂ ਪ੍ਰਮੁੱਖ ਫ਼ਸਲਾਂ ਬਾਰੇ ਅਤੇ ਪਰਾਲੀ ਨੂੰ ਸਾਂਭ-ਸੰਭਾਲ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਕੈਂਪ ਵਿੱਚ ਪਰਾਲੀ ਨਾ ਸਾੜ ਕੇ ਮਿਸ਼ਨ ਤੰਦਰੁਸਤ ਪੰਜਾਬ ਵਿੱਚ ਯੋਗਦਾਨ ਪਾਉਣ ਵਾਲੇ 200 ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਰਹਿੰਦੀਆਂ 2 ਤਹਿਸੀਲਾਂ ਵਿੱਚ ਨੇੜ ਭਵਿੱਖ ਵਿੱਚ 2 ਹੋਰ ਕੈਂਪ ਲਾਏ ਜਾਣਗੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਸਾਉਣੀ 2018 ਦੌਰਾਨ ਜ਼ਿਲ੍ਹੇ ਵਿੱਚ ਜੀਰੀ ਅਤੇ ਨਰਮੇ ਦਾ ਝਾੜ ਬਹੁਤ ਵਧੀਆ ਆਉਣ ‘ਤੇ ਉਮੀਦ ਜਤਾਈ ਕਿ ਮੰਡੀ ਆਮਦ ਦਾ ਅੰਦਾਜ਼ਨ ਪੈਦਾਵਾਰ ਨਾਲ ਲਗਭਗ ਮੇਲ ਹੋਣ ਨਾਲ ਅਤੇ ਨਰਮੇ ਦੀ ਫ਼ਸਲ ਦਾ ਰੇਟ ਕਿਸਾਨਾਂ ਨੂੰ ਵੀ ਵਧੀਆ ਮਿਲਣ ਸਦਕੇ ਸਾਉਣੀ-2019 ਦੌਰਾਨ ਨਰਮੇ ਦਾ ਰਕਬਾ ਤਕਰੀਬਨ 20 ਫ਼ੀਸਦੀ ਵਧਣ ਦੀ ਸੰਭਾਵਨਾ ਹੈ, ਜੋ ਪਰਾਲੀ ਪ੍ਰਬੰਧਨ ਵਿੱਚ ਵੀ ਸਹਾਈ ਹੋਵੇਗਾ।


EDITED BY : SARA YAHA | | Last Updated : 7:00 PM 20 ਨਵੰਬਰ 2018

LEAVE A REPLY

Please enter your comment!
Please enter your name here