

ਮਾਨਸਾ, 13 ਮਾਰਚ (ਸਾਰਾ ਯਹਾ,(ਬਲਜੀਤ ਸ਼ਰਮਾ) : ਜ਼ਿਲ੍ਹਾ ਮਾਨਸਾ ਦੇ ਸ਼ਹਿਰਾਂ ਵਿਚ ਸਰਕਾਰੀ ਅਮਲੇ ਵੱਲੋਂ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ ਜਿਸ ਤਹਿਤ ਹਰ ਵਿਭਾਗ ਆਪਣੇ ਅਧੀਨ ਆਉਂਦੇ ਸਟਾਫ਼ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਵੇਗਾ ਜਿਸ ਵਿਚ ਸੀਨੀਅਰ ਅਧਿਕਾਰੀਆਂ ਤੋਂ ਲੈ ਕੇ ਹਰ ਸ਼੍ਰੇਣੀ ਦੇ ਕਰਮਚਾਰੀ ਸ਼ਾਮਿਲ ਹੋਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਨੇ ਅੱਜ ਵੱਖ-ਵੱਖ ਵਿਭਾਗਾਂ ਨਾਲ ਕੀਤੀ ਇਕ ਮੀਟਿੰਗ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਲੋਕ ਸਭਾ ਚੋਣਾਂ-2019 ਦਾ ਐਲਾਨ ਹੋ ਚੁੱਕਾ ਹੈ ਅਤੇ ਇਸ ਐਲਾਨ ਦੇ ਨਾਲ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਰਮਚਾਰੀਆਂ ਦੀਆਂ ਡਿਊਟੀਆਂ ਚੋਣਾਂ ਵਿਚ ਲਗਾਈਆਂ ਗਈਆਂ ਹਨ, ਅਤੇ ਚੋਣਾਂ ਵਿਚ ਹਾਲੇ ਲਗਭਗ 2 ਮਹੀਨੇ ਦਾ ਵਕਫਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਸ਼ਨੀਵਾਰ ਸਵੇਰੇ ਤੜਕਸਾਰ ਹੀ ਸਰਕਾਰੀ ਅਮਲੇ ਵੱਲੋਂ ਜ਼ਿਲ੍ਹੇ ਦੀਆਂ ਸਬ-ਡਵੀਜ਼ਨਾਂ ਅਤੇ ਸ਼ਹਿਰਾਂ ਦੇ ਵੱਖ-ਵੱਖ ਵਾਰਡਾਂ ਵਿਚ ਮਿਊਂਸਪਲ ਕਾਊਂਸਲ ਦੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਵਿਭਾਗ ਕੋਲ ਸਟਾਫ਼ ਜ਼ਿਆਦਾ ਹੈ ਉਹ ਦੂਜੀਆਂ ਸਬ-ਡਵੀਜ਼ਨਾਂ ਵਿਚ ਭੇਜਿਆ ਜਾਵੇ।
ਉਨ੍ਹਾਂ ਕਿਹਾ ਕਿ ਆਲੇ ਦੁਆਲੇ ਦੀ ਸਫ਼ਾਈ ਵਿਚ ਲੋਕਾਂ ਦਾ ਸਹਿਯੋਗ ਵੀ ਜਰੂਰੀ ਹੈ ਅਤੇ ਜੇਕਰ ਸਰਕਾਰੀ ਅਮਲਾ ਖ਼ੁਦ ਇਸ ਕੰਮ ਵਿਚ ਅੱਗੇ ਆ ਰਿਹਾ ਹੈ ਤਾਂ ਇਹ ਵੀ ਲੋਕਾਂ ਲਈ ਇਕ ਸਾਕਾਰਤਮਕ ਸੁਨੇਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਫ਼ਾਈ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਲਈਆਂ ਜਾਣ ਤਾਂ ਜੋ ਸ਼ਹਿਰ ਦੀ ਸਫ਼ਾਈ ਵਿਵਸਥਾ ਵਿਚ ਫਰਕ ਵੇਖਿਆ ਜਾ ਸਕੇ। ਉਨ੍ਹਾਂ ਕਿਹਾ ਕਿ 3 ਅਪ੍ਰੈਲ ਤੋਂ ਇਹ ਮੁਹਿੰਮ ਸ਼ੁਰੂ ਕਰਨ ਦੀ ਤਜਵੀਜ਼ ਹੈ।
ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼ ਨੇ ਹਾਜਰ ਅਧਿਕਾਰੀਆਂ ਨੂੰ ਉਨ੍ਹਾਂ ਕੋਲ ਮੌਜੂਦ ਸਟਾਫ਼ ਦੀਆਂ ਲਿਸਟਾਂ ਭੇਜਣ ਲਈ ਕਿਹਾ। ਉਨ੍ਹਾਂ ਕਿਹਾ ਕਿ ਖਾਲੀ ਪਲਾਟਾਂ, ਸੜਕਾਂ ਅਤੇ ਮੁਹੱਲੇ ਦੇ ਕੋਰਨਰਾਂ ਤੇ ਲੋਕਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਭਾਗ ਨੂੰ ਇਸ ਸਫ਼ਾਈ ਮੁਹਿੰਮ ਲਈ ਏਰੀਏ ਵੰਡੇ ਜਾਣਗੇ। ਸਫ਼ਾਈ ਲਈ ਬੈਗ, ਕੂੜਾ ਚੁੱਕਣ ਦਾ ਸਮਾਨ, ਦਸਤਾਨੇ ਅਤੇ ਹੋਰ ਲੋੜੀਂਦਾ ਸਮਾਨ ਮਿਊਂਸਪਲ ਕਾਰਪੋਰੇਸ਼ਨਾਂ ਦੁਆਰਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਮਿਊਂਸਪਲ ਸਟਾਫ਼ ਇਸ ਸਫ਼ਾਈ ਮੁਹਿੰਮ ਵਿਚ ਸਹਿਯੋਗ ਕਰੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਕੂੜੇ ਨੂੰ ਚੁੱਕਣ ਦੇ ਨਾਲ ਨਾਲ ਇਸ ਦਾ ਨਿਪਟਾਰਾ ਵੀ ਜਰੂਰੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
EDITED BY : SARA YAHA | | Last Updated : 7:38 pm 13 ਮਾਰਚ 2019






















