ਸੰਗਰੂਰ, 5 ਜਨਵਰੀ – ਔਰਤਾਂ ਨਾਲ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ, ਔਰਤਾਂ ਨੂੰ ਨਿਆਂ ਦਿਵਾਉਣ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਸਰਕਾਰ ਨੇ ਵੰਨ ਸਟਾਪ ਸੈਂਟਰ ਯੋਜਨਾ ਲਾਗੂ ਕੀਤੀ ਹੈ। ਇਸ ਯੋਜਨਾ ਨੂੰ ਪੰਜਾਬ ਦੇ ਜਿਨ੍ਹਾਂ 6 ਜ਼ਿਲਿ੍ਹਆਂ ਵਿੱਚ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਕੇਂਦਰ ਸਰਕਾਰ ਨੇ ਗਰਾਂਟ ਜਾਰੀ ਕੀਤੀ ਹੈ ਉਨ੍ਹਾਂ ਵਿੱਚ ਸੰਗਰੂਰ ਵੀ ਸ਼ਾਮਿਲ ਹੈ। ਇਹ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਯੋਜਨਾ ਦਾ ਮਕਸਦ ਹਿੰਸਾ ਦਾ ਸ਼ਿਕਾਰ ਮਹਿਲਾਵਾਂ ਅਤੇ ਕੁੜੀਆਂ ਨੂੰ ਇੱਕ ਹੀ ਛੱਤ ਦੇ ਹੇਠਾਂ ਸਹਾਇਤਾ ਅਤੇ ਸਹਿਯੋਗ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਘਰੇਲੂ ਹਿੰਸਾ, ਜਿਨਸੀ ਸੋਸ਼ਣ, ਮਨੁੱਖੀ ਤਸਕਰੀ, ਦਹੇਜ਼ ਪੀੜਤਾਂ ਨੂੰ ਡਾਕਟਰੀ ਤੇ ਪੁਲਿਸ ਸਹਾਇਤਾ, ਕਾਊਂਸਲਿੰਗ ਆਦਿ ਮੁਹੱਈਆ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜਿਹੜੀਆਂ ਔਰਤਾਂ ਬੇਘਰ ਹੁੰਦੀਆਂ ਹਨ ਉਨ੍ਹਾਂ ਨੂੰ ਵੀ ਇਸ ਸਕੀਮ ਤਹਿਤ ਰਜਿਸਟਰਡ ਕਰਨ ਮਗਰੋਂ 5 ਦਿਨਾਂ ਲਈ ਸੈਂਟਰ ਵਿੱਚ ਰਹਿਣ ਅਤੇ ਮੁਫ਼ਤ ਭੋਜਨ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।