


ਚੰਡੀਗੜ੍ਹ (ਸਾਰਾ ਯਹਾ) : ਪੰਜਾਬ ਦੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਟੂਰਿਜ਼ਮ ਮਾਮਲੇ ਸਬੰਧੀ ਦਿੱਲੀ ‘ਚ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਰਾਸ਼ਟਰੀ ਹੈੱਡ ਨਾਲ ਬੈਠਕ ਕੀਤੀ। ਸਿੱਧੂ ਨੇ ਦੱਸਿਆ ਕਿ ਪੰਜਾਬ ‘ਚ ਸੈਰ ਸਪਾਟਾ ਸਥਾਨਾਂ ਦੇ ਰੱਖ ਰਖਾਵ ਲਈ ਏਸ਼ੀਅਨ ਡਵੈਲਪਮੈਂਟ ਬੈਂਕ 6200 ਕਰੋੜ ਰੁਪਏ ਕਰਜ਼ ਦੇ ਤੌਰ ‘ਤੇ ਦੇਵੇਗਾ।
ਜ਼ਿਕਰਯੋਗ ਹੈ ਕਿ ਇਸ ਕਰਜ਼ ਬਦਲੇ ਇੱਕ ਫੀਸਦੀ ਵਿਆਜ ਦਰ 30 ਸਾਲਾਂ ਲਈ ਦਿੱਤਾ ਜਾਵੇਗਾ। ਨਵਜੋਤ ਸਿੱਧੂ ਨੇ ਦੱਸਿਆ ਕਿ ਫਿਲਹਾਲ ਪੰਜਾਬ ਦੇ ਟੂਰਿਜ਼ਮ ਸੈਕਟਰ ‘ਚ ਕਈ ਕਮੀਆਂ ਹਨ ਜਿਸ ਦੇ ਚੱਲਦਿਆਂ ਟੂਰਿਸਟ ਨਹੀਂ ਆਉਂਦੇ। ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਟੂਰਿਜ਼ਮ ਨੂੰ ਬੜਾਵਾ ਦੇਣ ਲਈ ਬਲਿਊ ਪ੍ਰਿੰਟ ਤਿਆਰ ਕੀਤਾ ਗਿਆ ਹੈ ਜਿਸ ‘ਤੇ ਛੇਤੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਪੰਜਾਬ ਟੂਰਿਜ਼ਮ ਨੂੰ ਬੜਾਵਾ ਦੇਣ ਲਈ ਏਸ਼ੀਅਨ ਬੈਂਕ ਦੇ ਨਾਲ-ਨਾਲ ਕੁਝ ਰਕਮ ਕੇਂਦਰ ਸਰਕਾਰ ਤੋਂ ਵੀ ਲਈ ਜਾਵੇਗੀ। ਇਸ ਮੌਕੇ ਸਿੱਧੂ ਨੇ ਇਹ ਵੀ ਕਿਹਾ ਕਿ ਬਹੁਤ ਛੇਤੀ ਲੋਕਾਂ ਨੂੰ ਨਹਿਰਾਂ ਦਾ ਪਾਣੀ ਪੀਣ ਲਈ ਉਪਲਬਧ ਹੋਵੇਗਾ।
ਦੱਸ ਦੇਈਏ ਕਿ ਫਿਲਹਾਲ ਪੰਜਾਬ ਦੇ ਲੋਕਾਂ ਨੂੰ ਪੀਣ ਲਈ ਸੀਵਰੇਜ ਟ੍ਰੀਟਡ ਪਾਣੀ ਮਿਲਦਾ ਹੈ ਤੇ ਖੇਤਾਂ ‘ਚ ਨਹਿਰਾਂ ਦਾ ਪਾਣੀ ਜਾਂਦਾ ਹੈ ਜਦਕਿ ਹੋਣਾ ਇਸ ਤੋਂ ਉਲਟ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਬੜੀ ਛੇਤੀ ਇਸ ‘ਤੇ ਕੰਮ ਸ਼ੁਰੂ ਹੋ ਜਾਵੇਗਾ ਤੇ ਆਉਂਦੇ ਕੁਝ ਸਾਲਾਂ ‘ਚ ਲੋਕਾਂ ਨੂੰ ਮਿੱਠਾ ਪਾਣੀ ਮਿਲਣਾ ਸ਼ੁਰੂ ਜਾਵੇਗਾ।
EDITED BY : SARA YAHA | | Last Updated :7:10 pm 05 JULY 2018






















